Israel Iran War: 1 ਅਕਤੂਬਰ ਨੂੰ ਈਰਾਨ ਨੇ ਇਜ਼ਰਾਈਲ 'ਤੇ ਇਕ ਤੋਂ ਬਾਅਦ ਇਕ ਸੈਂਕੜੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸਨ। ਹੁਣ ਇਜ਼ਰਾਈਲ ਨੇ ਇਸ ਹਮਲੇ ਦਾ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਹੈ। ਇਜ਼ਰਾਈਲ ਨੇ ਈਰਾਨ ਦੀ ਰਾਜਧਾਨੀ ਤਹਿਰਾਨ ਅਤੇ ਨੇੜਲੇ ਸ਼ਹਿਰਾਂ 'ਤੇ ਬੰਬਾਰੀ ਕੀਤੀ ਹੈ। ਇਜ਼ਰਾਇਲੀ ਫੌਜ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਈਰਾਨ ਵੱਲੋਂ ਮਹੀਨਿਆਂ ਤੋਂ ਲਗਾਤਾਰ ਹੋ ਰਹੇ ਹਮਲਿਆਂ ਦੇ ਜਵਾਬ 'ਚ ਇਹ ਕਾਰਵਾਈ ਕੀਤੀ ਗਈ ਹੈ।


ਇਸ ਦੇ ਨਾਲ ਹੀ ਈਰਾਨ ਦੇ ਸਥਾਨਕ ਮੀਡੀਆ ਨੇ ਕਿਹਾ ਕਿ ਇਜ਼ਰਾਈਲ ਨੇ ਤਹਿਰਾਨ ਦੇ ਨੇੜੇ ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਨੇ ਈਰਾਨ 'ਤੇ ਹਵਾਈ ਹਮਲੇ ਕਰਨ ਤੋਂ ਕੁਝ ਸਮਾਂ ਪਹਿਲਾਂ ਹੀ ਵ੍ਹਾਈਟ ਹਾਊਸ ਨੂੰ ਸੂਚਿਤ ਕਰ ਦਿੱਤਾ ਸੀ।



IDF ਨੇ ਹਮਲੇ ਦੀ ਕੀਤੀ ਪੁਸ਼ਟੀ
IDF ਨੇ ਸੋਸ਼ਲ ਮੀਡੀਆ 'ਤੇ ਹਮਲੇ ਦੀ ਪੁਸ਼ਟੀ ਕਰਦਿਆਂ ਹੋਇਆਂ ਲਿਖਿਆ, "ਇਜ਼ਰਾਈਲ ਰਾਜ ਦੇ ਖਿਲਾਫ ਈਰਾਨ ਦੇ ਸ਼ਾਸਨ ਦੁਆਰਾ ਮਹੀਨਿਆਂ ਦੇ ਲਗਾਤਾਰ ਹਮਲਿਆਂ ਦੇ ਜਵਾਬ ਵਿੱਚ ਇਜ਼ਰਾਈਲ ਰੱਖਿਆ ਬਲ ਈਰਾਨ ਵਿੱਚ ਫੌਜੀ ਟੀਕਾਣਿਆਂ 'ਤੇ ਸਟੀਕ ਹਮਲੇ ਕਰ ਰਹੇ ਹਨ।" ਈਰਾਨ ਅਤੇ ਇਸ ਦੇ ਪ੍ਰੌਕਸੀ 7 ਅਕਤੂਬਰ ਤੋਂ ਲਗਾਤਾਰ ਇਜ਼ਰਾਈਲ 'ਤੇ ਸੱਤ ਮੋਰਚਿਆਂ 'ਤੇ ਹਮਲੇ ਕਰ ਰਹੇ ਹਨ, ਜਿਸ ਵਿਚ ਈਰਾਨ ਤੋਂ ਸਿੱਧੇ ਹਮਲੇ ਵੀ ਸ਼ਾਮਲ ਹਨ। ਦੁਨੀਆ ਦੇ ਕਿਸੇ ਵੀ ਹੋਰ ਪ੍ਰਭੂਸੱਤਾ ਸੰਪੰਨ ਦੇਸ਼ ਵਾਂਗ, ਇਜ਼ਰਾਈਲ ਨੂੰ ਵੀ ਜਵਾਬ ਦੇਣ ਦਾ ਅਧਿਕਾਰ ਹੈ। ਅਸੀਂ ਇਜ਼ਰਾਈਲ ਅਤੇ ਇਜ਼ਰਾਈਲੀ ਲੋਕਾਂ ਦੀ ਸੁਰੱਖਿਆ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਕਰਾਂਗੇ।





ਅਮਰੀਕਾ ਨੂੰ ਸੀ ਇਸ ਹਮਲੇ ਦੀ ਜਾਣਕਾਰੀ 


ਇਜ਼ਰਾਈਲ ਨੇ ਅਮਰੀਕਾ ਨੂੰ ਇਸ ਹਮਲੇ ਦੀ ਜਾਣਕਾਰੀ ਦਿੱਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਵਾਸ਼ਿੰਗਟਨ ਨੂੰ ਇਜ਼ਰਾਈਲ ਦੇ ਹਮਲੇ ਦੀ ਜਾਣਕਾਰੀ ਹੈ। ਉਹ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਰਾਸ਼ਟਰਪਤੀ ਜੋਅ ਬਿਡੇਨ ਨੂੰ ਲਗਾਤਾਰ ਅਪਡੇਟਸ ਦਿੱਤੇ ਜਾ ਰਹੇ ਹਨ।


ਈਰਾਨ ਨੇ ਇਜ਼ਰਾਈਲ 'ਤੇ ਕੀਤਾ ਸੀ ਹਮਲਾ 


ਹਿਜ਼ਬੁੱਲਾ ਮੁਖੀ ਹਸਨ ਨਸਰੱਲਾਹ ਦੀ ਮੌਤ ਅਤੇ ਦੱਖਣੀ ਲੇਬਨਾਨ ਵਿੱਚ ਇਜ਼ਰਾਈਲ ਦੀ ਜ਼ਮੀਨੀ ਕਾਰਵਾਈ ਤੋਂ ਨਾਰਾਜ਼ ਈਰਾਨ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇਜ਼ਰਾਈਲ 'ਤੇ 180 ਮਿਜ਼ਾਈਲਾਂ ਦਾਗੀਆਂ। ਇਸ ਦੌਰਾਨ ਈਰਾਨ ਨੇ ਕਿਹਾ ਸੀ ਕਿ ਉਹ ਇਜ਼ਰਾਈਲ 'ਤੇ ਹਮਲੇ ਜਾਰੀ ਰੱਖੇਗਾ। ਇਸ ਦੇ ਨਾਲ ਹੀ ਇਜ਼ਰਾਈਲ ਨੇ ਕਿਹਾ ਸੀ ਕਿ ਉਹ ਇਸ ਹਮਲੇ ਦਾ ਬਦਲਾ ਜ਼ਰੂਰ ਲਵੇਗਾ।