Corona Guidelines 2023: ਕੋਰੋਨਾ ਦਾ ਕਹਿਣ ਵਧਣ ਨਾ ਦੁਨੀਆ ਭਰ ਦੇ ਦੇਸ਼ ਚੌਕਸ ਹੋ ਗਏ ਹਨ। ਚੀਨ, ਹਾਂਗਕਾਂਗ ਤੇ ਮਕਾਊ ਦੇ ਯਾਤਰੀਆਂ ਨੂੰ ਆਸਟਰੇਲੀਆ ਤੇ ਕੈਨੇਡਾ ਲਈ ਉਡਾਣਾਂ ’ਤੇ ਚੜ੍ਹਨ ਤੋਂ ਪਹਿਲਾਂ ਕੋਵਿਡ ਟੈਸਟ ਰਿਪੋਰਟ ਦਿਖਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕਈ ਦੇਸ਼ਾਂ ਨੇ ਕੋਵਿਡ ਟੈਸਟ ਰਿਪੋਰਟ ਲਾਜ਼ਮੀ ਕਰ ਦਿੱਤੀ ਸੀ।
ਹਾਸਲ ਜਾਣਕਾਰੀ ਮੁਤਾਬਕ ਚੀਨ, ਹਾਂਗਕਾਂਗ ਤੇ ਮਕਾਊ ਦੇ ਯਾਤਰੀਆਂ ਨੂੰ ਆਸਟਰੇਲੀਆ ਤੇ ਕੈਨੇਡਾ ਲਈ ਉਡਾਣਾਂ ’ਤੇ ਚੜ੍ਹਨ ਤੋਂ ਪਹਿਲਾਂ ਕੋਵਿਡ ਟੈਸਟ ਰਿਪੋਰਟ ਦਿਖਾਉਣੀ ਲਾਜ਼ਮੀ ਪਵੇਗੀ ਜੋ ਦੋ ਦਿਨ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਯਾਤਰੀਆਂ ਨੂੰ ਨੈਗਟਿਵ ਰਿਪੋਰਟ ਤੋਂ ਬਾਅਦ ਹੀ ਜਹਾਜ਼ ’ਤੇ ਚੜ੍ਹਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਸ ਬਾਰੇ ਕੈਨੇਡਾ ਸਰਕਾਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ 5 ਜਨਵਰੀ ਤੋਂ ਚੀਨ, ਹਾਂਗਕਾਂਗ ਤੇ ਮਕਾਊ ਤੋਂ ਆਉਣ ਵਾਲੇ ਦੋ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਯਾਤਰੀਆਂ ਨੂੰ ਨੈਗੇਟਿਵ ਕੋਵਿਡ ਟੈਸਟ ਰਿਪੋਰਟ ਪੇਸ਼ ਕਰਨੀ ਪਵੇਗੀ।
ਦੂਜੇ ਪਾਸੇ ਆਸਟਰੇਲੀਆ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ 5 ਜਨਵਰੀ ਤੋਂ ਚੀਨ, ਹਾਂਗਕਾਂਗ ਤੇ ਮਕਾਊ ਦੇ ਸਾਰੇ ਯਾਤਰੀਆਂ ਨੂੰ ਉਡਾਣ ਤੋਂ ਪਹਿਲਾਂ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ। ਦੱਸਣਾ ਬਣਦਾ ਹੈ ਕਿ ਕੈਨੇਡਾ ਅਤੇ ਆਸਟਰੇਲੀਆ ਤੋਂ ਪਹਿਲਾਂ ਅਮਰੀਕਾ, ਬਰਤਾਨੀਆ, ਫਰਾਂਸ, ਸਪੇਨ ਤੇ ਇਟਲੀ ਨੇ ਵੀ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਟੈਸਟ ਰਿਪੋਰਟ ਲਾਜ਼ਮੀ ਕੀਤੀ ਸੀ।
ਦਿੱਲੀ ਏਅਰਪੋਰਟ 'ਤੇ ਟੈਸਟ ਲਾਜ਼ਮੀ
ਚੀਨ, ਸਿੰਗਾਪੁਰ, ਹਾਂਗਕਾਂਗ, ਕੋਰੀਆ, ਥਾਈਲੈਂਡ ਅਤੇ ਜਾਪਾਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਹੁਣ 1 ਜਨਵਰੀ, 2023 ਤੋਂ ਦਿੱਲੀ ਹਵਾਈ ਅੱਡੇ 'ਤੇ ਆਪਣਾ ਆਰਟੀ ਪੀਸੀਆਰ ਨੈਗੇਟਿਵ ਟੈਸਟ (72 ਘੰਟਿਆਂ ਦੇ ਨਿਰਧਾਰਤ ਅੰਤਰਾਲ ਨਾਲ) ਦਿਖਾਉਣ ਦੀ ਲੋੜ ਹੋਵੇਗੀ। ਯਾਤਰੀਆਂ ਨੂੰ ਏਅਰ ਸੁਵਿਧਾ ਪੋਰਟਲ 'ਤੇ ਆਪਣੇ ਕੋਰੋਨਾ ਨੈਗੇਟਿਵ ਹੋਣ ਦੀ ਸਵੈ-ਪ੍ਰਮਾਣਿਤ ਰਿਪੋਰਟ ਅਪਲੋਡ ਕਰਨੀ ਪਵੇਗੀ। ਖਾਸ ਤੌਰ 'ਤੇ ਇਨ੍ਹਾਂ ਦੇਸ਼ਾਂ 'ਚ ਕੋਰੋਨਾ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ। ਇਕ ਅੰਦਾਜ਼ੇ ਮੁਤਾਬਕ ਨਵੇਂ ਸਾਲ ਦੇ ਪਹਿਲੇ ਹਫਤੇ 'ਚ ਦੇਸ਼-ਵਿਦੇਸ਼ ਦੇ 2 ਲੱਖ ਤੋਂ ਜ਼ਿਆਦਾ ਯਾਤਰੀ ਦਿੱਲੀ ਏਅਰਪੋਰਟ 'ਤੇ ਸਫਰ ਕਰ ਸਕਦੇ ਹਨ। ਜਿਸ ਦੇ ਮੱਦੇਨਜ਼ਰ ਦਿੱਲੀ ਏਅਰਪੋਰਟ ਨੇ ਇਹ ਗਾਈਡਲਾਈਨ ਤੈਅ ਕੀਤੀ ਹੈ।