ਚੰਡੀਗੜ੍ਹ: ਇਟਲੀ ਦੀ ਪੱਤਰਕਾਰ ਨੇ ਪਾਕਿਸਤਾਨ ਵਿੱਚ ਹਵਾਈ ਫੌਜ ਦੀ ਏਅਰ ਸਟ੍ਰਾਈਕ ਵਿੱਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਸਬੰਧੀ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਏਅਰ ਸਟ੍ਰਾਈਕ ਵਿੱਚ 130-170 ਅੱਤਵਾਦੀ ਮਾਰੇ ਗਏ ਸਨ। ਇਟਲੀ ਦੀ ਪੱਤਰਕਾਰ ਫਰਾਂਸੇਸਕਾ ਮਰੀਨੋ ਨੇ ਕਿਹਾ ਕਿ 20 ਅੱਤਵਾਦੀਆਂ ਦੀ ਇਲਾਜ ਦੌਰਾਨ ਮੌਤ ਹੋਈ ਤੇ 45 ਹਾਲੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਹਮਲੇ ਵਿੱਚ 11 ਟ੍ਰੇਨਰਸ ਵੀ ਮਾਰੇ ਗਏ ਹਨ।


ਮਰੀਨੋ ਨੇ ਕਿਹਾ ਭਾਰਤੀ ਹਵਾਈ ਫੌਜ ਨੇ ਤੜਕੇ ਸਾਢੇ ਤਿੰਨ ਵਜੇ ਹਮਲਾ ਕੀਤਾ। ਉਨ੍ਹਾਂ ਦੀ ਜਾਣਕਾਰੀ ਮੁਤਾਬਕ ਸ਼ਿੰਕਯਾਰੀ ਆਰਮੀ ਕੈਂਪ ਤੋਂ ਫੌਜ ਦੀ ਇੱਕ ਟੁਕੜੀ ਘਟਨਾ ਸਥਾਨ 'ਤੇ ਪਹੁੰਚੀ। ਧਿਆਨ ਰਹੇ ਕਿ ਇਸ ਪੱਤਰਕਾਰ ਨੂੰ ਘੱਟ ਹੀ ਲੋਕ ਜਾਣਦੇ ਹਨ। ਉਹ ਖ਼ੁਦ ਨੂੰ ਏਸ਼ੀਆ ਦੀ ਸਟ੍ਰਿੰਗਰ ਦੱਸਦੇ ਹਨ। ਪੱਤਰਕਾਰ ਨੇ ਇਨ੍ਹਾਂ ਅੰਕੜਿਆਂ ਦਾ ਕੋਈ ਸਰੋਤ ਵੀ ਨਹੀਂ ਦੱਸਿਆ।

ਦੱਸ ਦੇਈਏ ਭਾਰਤੀ ਹਵਾਈ ਫੌਜ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ 14 ਫਰਵਰੀ ਨੂੰ ਹੋਏ CRPF ਕਾਫਲੇ 'ਤੇ ਅੱਤਵਾਦੀ ਹਮਲੇ ਦੇ ਠੀਕ 12 ਦਿਨਾਂ ਬਾਅਦ ਏਅਰ ਸਟ੍ਰਾਈਕ ਨੂੰ ਅੰਜਾਮ ਦਿੱਤਾ ਸੀ। ਪੁਲਵਾਮਾ ਹਮਲੇ ਵਿੱਚ ਫੌਜ ਦੇ 40 ਜਵਾਨ ਸ਼ਹੀਦ ਹੋਏ ਸਨ ਜਿਸ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ। ਜੈਸ਼ ਦੇ ਸਰਗਨਾ ਮਸੂਦ ਅਜ਼ਹਰ ਨੂੰ ਹਾਲ ਹੀ ਵਿੱਚ ਆਲਮੀ ਅੱਤਵਾਦੀ ਕਰਾਰ ਦਿੱਤਾ ਗਿਆ ਹੈ।

ਉੱਧਰ ਏਅਰ ਸਟ੍ਰਾਈਕ ਵਿੱਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਬਾਰੇ ਭਾਰਤ ਸਰਕਾਰ ਨੇ ਕੋਈ ਅਧਿਕਾਰਿਤ ਬਿਆਨ ਨਹੀਂ ਦਿੱਤਾ। ਹਾਲਾਂਕਿ ਕਾਫੀ ਨੁਕਸਾਨ ਦੀ ਗੱਲ ਕਹੀ ਗਈ ਸੀ। ਲੋਕ ਸਭਾ ਚੋਣਾਂ ਵਿੱਚ ਵੀ ਇਹ ਮਸਲਾ ਖੂਬ ਛਾਇਆ ਹੋਇਆ ਹੈ। ਬੀਜੇਪੀ ਇਸ ਨੂੰ ਆਪਣੀਆਂ ਉਪਲੱਬਧੀਆਂ ਵਿੱਚ ਗਿਣਾ ਰਹੀ ਹੈ।