ਚੰਡੀਗੜ੍ਹ: ਭਾਰਤ ਤੋਂ ਸੱਤ ਸਮੁੰਦਰ ਦੂਰ ਕੈਨੇਡਾ ਵਿੱਚ ਪੰਜਾਬ ਦੀ ਝਲਕ ਸਾਫ਼ ਵਿਖਾਈ ਦਿੰਦੀ ਹੈ। ਹਰ ਸਾਲ ਹਜ਼ਾਰਾਂ ਪੰਜਾਬੀ ਕੈਨੇਡਾ ਜਾ ਕੇ ਵਸਦੇ ਹਨ ਅਤੇ ਉੱਥੇ ਜਾ ਕੇ ਨੌਕਰੀ ਜਾਂ ਆਪਣਾ ਕਾਰੋਬਾਰ ਤਲਾਸ਼ਦੇ ਹਨ। ਪਰ ਇਸ ਵਾਰ ਗੱਲ ਕੁਝ ਵੱਖਰੀ ਹੀ ਹੈ। ਪੰਜਾਬੀ ਮੂਲ ਦੇ ਸਿੱਖ ਜਗਮੀਤ ਸਿੰਘ ਨੂੰ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਸਿਆਸੀ ਪਾਰਟੀ 'ਨਿਊ ਡੈਮੋਕ੍ਰੈਟਿਕ ਪਾਰਟੀ' ਨੇ 2019 ਦੇ ਪ੍ਰਧਾਨ ਮੰਤਰੀ ਦੀ ਚੋਣ ਲਈ ਆਪਣਾ ਨੇਤਾ ਚੁਣ ਲਿਆ ਹੈ।


ਦੱਸ ਦੇਈਏ ਕਿ ਕੈਨੇਡਾ ਵਿੱਚ 2019 ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਕਰਵਾਈ ਜਾਣੀ ਹੈ ਜਿਸ ਵਿੱਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵਿਰੁੱਧ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਅਗਵਾਈ ਕਰਨ ਲਈ ਪਾਰਟੀ ਨੇ ਜਗਮੀਤ ਸਿੰਘ ਨੂੰ ਚੁਣਿਆ ਹੈ। ਕੈਨੇਡਾ ਦੀ ਤੀਜੀ ਮੁੱਖ ਪਾਰਟੀ ਦੇ ਨੇਤਾ ਲਈ ਹੋਈਆਂ ਚੋਣਾਂ ਵਿੱਚ ਜਗਮੀਤ ਸਿੰਘ ਨੂੰ ਦੂਜੇ ਉਮੀਦਵਾਰਾਂ ਦੇ ਮੁਕਾਬਲੇ 54 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ।

[embed]https://twitter.com/theJagmeetSingh/status/914600137703460864[/embed]

ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਜਗਮੀਤ ਸਿੰਘ ਵਕੀਲ ਸੀ ਤੇ ਕੈਨੇਡਾ ਦੀ ਕਿਸੇ ਵੱਡੀ ਪਾਰਟੀ ਦੀ ਅਗਵਾਈ ਕਰਨ ਵਾਲੇ ਪਹਿਲੇ ਵਿਅਕਤੀ ਹਨ ਜੋ ਸਫ਼ੈਦ ਚਮੜੀ ਵਾਲੇ ਨਹੀਂ ਹਨ। ਆਪਣੀ ਜਿੱਤ ਦੀ ਖ਼ੁਸ਼ੀ ਜ਼ਾਹਰ ਕਰਦਿਆਂ ਜਗਮੀਤ ਸਿੰਘ ਨੇ ਟਵੀਟ ਕੀਤਾ ਕਿ ਨਿਊ ਡੈਮੋਕ੍ਰੈਟਿਕ ਤੁਹਾਡਾ ਸ਼ੁਕਰੀਆ, ਪੀ.ਐਮ. ਦੇ ਅਹੁਦੇ ਲਈ ਰੇਸ ਅੱਜ ਤੋਂ ਸ਼ੁਰੂ ਹੁੰਦੀ ਹੈ।

ਜ਼ਿਕਰਯੋਗ ਹੈ ਕਿ ਬੀਤੀਆਂ ਚੋਣਾਂ ਵਿੱਚ ਨਿਊ ਡੈਮੋਕ੍ਰੈਟਿਕ ਪਾਰਟੀ 338 ਵਿੱਚੋਂ 44 ਸੀਟਾਂ ਜਿੱਤ ਗਈ ਸੀ। ਇਸ ਤਰ੍ਹਾਂ ਨਿਊ ਡੈਮੋਕ੍ਰੈਟਿਕ ਪਾਰਟੀ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਸੀ। ਜਗਮੀਤ ਸਿੰਘ ਦਾ ਜਨਮ 2 ਜਨਵਰੀ 1979 ਨੂੰ ਓਂਟਾਰੀਓ ਦੇ ਸਕਾਰਬੋਰੋ ਵਿੱਚ ਹੋਇਆ ਸੀ। ਉਸ ਦੇ ਮਾਤਾ ਪਿਤਾ ਪੰਜਾਬ ਤੋਂ ਇੱਥੇ ਆਏ ਸਨ।