ਚੰਡੀਗੜ੍ਹ: ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸੰਸਥਾਪਕ ਮਸੂਦ ਅਜ਼ਹਰ ਦੇ ਗੁਰਦੇ ਖਰਾਬ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਪਾਕਿਸਤਾਨ ਵਿੱਚ ਰਾਵਲਪਿੰਡੀ ਦੇ ਇੱਕ ਫੌਜੀ ਹਸਪਤਾਲ ਵਿੱਚ ਨਿਯਮਿਤ ਡਾਇਲਸਿਸ ਕੀਤਾ ਜਾ ਰਿਹਾ ਹੈ। ਸੁਰੱਖਿਆ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਕਿਹਾ ਸੀ ਕਿ ਜੈਸ਼ ਦਾ ਸਰਗਨਾ ਬਿਮਾਰ ਹੈ।

ਇਸ ਸਬੰਧੀ ਇੱਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਹਾਲੀਆ ਖ਼ਬਰਾਂ ਇਸ਼ਾਰਾ ਕਰਦੀਆਂ ਹਨ ਕਿ ਅਜ਼ਹਰ ਦੇ ਗੁਰਦਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਅਤੇ ਉਸ ਦਾ ਪਾਕਿਸਤਾਨੀ ਫੌਜ ਦੇ ਹੈਡਕੁਆਰਟਰ ਰਾਵਲਪਿੰਡੀ ਵਿੱਚ ਇੱਕ ਫੌਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਸ ਦਾ ਸਮੇਂ-ਸਮੇਂ ’ਤੇ ਡਾਇਲਸਿਸ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਕੁਰੈਸ਼ੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਅਜ਼ਹਰ ਪਾਕਿਸਤਾਨ ਵਿੱਚ ਹੀ ਹੈ। ਉਨ੍ਹਾਂ ਕਿਹਾ ਸੀ ਕਿ ਅਜ਼ਹਰ ਇਸ ਹੱਦ ਤਕ ਬਿਮਾਰ ਹੈ ਕਿ ਉਹ ਘਰ ਤੋਂ ਬਾਹਰ ਵੀ ਨਿਕਲ ਸਕਦਾ। ਭਾਰਤੀ ਅਧਿਕਾਰੀ ਨੇ ਕਿਹਾ ਹੈ ਕਿ ਮਸੂਦ ਅਜ਼ਹਰ ਉਸਾਮਾ ਬਿਨ ਲਾਦੇਨ ਦਾ ਕਰੀਬੀ ਸਹਿਯੋਗੀ ਸੀ।