Khalistan News: ਖਾਲਿਸਤਾਨ ਸਮਰਥਕਾਂ ਨੇ ਕੈਨੇਡਾ 'ਚ ਭਾਰਤੀ ਡਿਪਲੋਮੈਟਾਂ ਨੂੰ ਧਮਕੀ ਦਿੱਤੀ ਹੈ। ਇਸ ਦਾ ਇੱਕ ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ 8 ਜੁਲਾਈ ਨੂੰ ਖਾਲਿਸਤਾਨੀ ਰੈਲੀ ਕਰਨ ਦੀ ਵੀ ਚਰਚਾ ਹੈ। ਖਤਰੇ ਨੂੰ ਦੇਖਦੇ ਹੋਏ ਭਾਰਤ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਕੋਈ ਦੇਸ਼ ਖਾਲਿਸਤਾਨੀਆਂ ਨੂੰ ਪਨਾਹ ਦਿੰਦਾ ਹੈ ਤਾਂ ਇਸ ਦਾ ਸਿੱਧਾ ਅਸਰ ਸਾਡੇ ਸਬੰਧਾਂ 'ਤੇ ਪਵੇਗਾ।


ਪੋਸਟਰ 'ਚ ਸ਼ਾਮਲ ਭਾਰਤੀ ਡਿਪਲੋਮੈਟਾਂ ਦੇ ਨਾਂ 'ਤੇ ਵਿਦੇਸ਼ ਮੰਤਰੀ ਡਾਕਟਰ ਐੱਸ ਜੈਸ਼ੰਕਰ ਨੇ ਕਿਹਾ ਕਿ ਅਸੀਂ ਆਪਣੇ ਸਹਿਯੋਗੀ ਦੇਸ਼ਾਂ ਜਿਵੇਂ ਕੈਨੇਡਾ, ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਨੂੰ ਖਾਲਿਸਤਾਨੀਆਂ ਨੂੰ ਪਨਾਹ ਨਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਦੇਸ਼ ਇਨ੍ਹਾਂ ਖਾਲਿਸਤਾਨੀਆਂ ਨੂੰ ਪਨਾਹ ਦਿੰਦਾ ਹੈ ਤਾਂ ਇਸ ਦਾ ਸਿੱਧਾ ਅਸਰ ਸਬੰਧਾਂ 'ਤੇ ਪਵੇਗਾ। ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਪੋਸਟਰ ਦਾ ਮਾਮਲਾ ਓਟਾਵਾ ਅਤੇ ਕੈਨੇਡਾ ਸਰਕਾਰ ਕੋਲ ਉਠਾਉਣਗੇ।






ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹੈ ਪੋਸਟਰ


ਸੋਸ਼ਲ ਮੀਡੀਆ 'ਤੇ ਇਕ ਪੋਸਟਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੋਸਟਰ 'ਚ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਨੂੰ 'ਸ਼ਹੀਦ' ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਦੋ ਭਾਰਤੀ ਡਿਪਲੋਮੈਟਾਂ ਨੂੰ ‘ਕਾਤਲ’ ਕਰਾਰ ਦਿੱਤਾ ਗਿਆ ਹੈ। ਪੋਸਟਰਾਂ ਵਿੱਚ ਓਟਾਵਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਟੋਰਾਂਟੋ ਵਿੱਚ ਕੌਂਸਲ ਜਨਰਲ ਅਪੂਰਵਾ ਸ਼੍ਰੀਵਾਸਤਵ ਨੂੰ ਧਮਕੀ ਦਿੱਤੀ ਗਈ ਹੈ। ਨਾਲ ਹੀ 8 ਜੁਲਾਈ ਨੂੰ ਦੁਪਹਿਰ 12:30 ਵਜੇ ਰੈਲੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਸ ਨੂੰ 'ਖਾਲਿਸਤਾਨ ਫਰੀਡਮ ਰੈਲੀ' ਕਿਹਾ ਜਾ ਰਿਹਾ ਹੈ। ਪੋਸਟਰ ਮੁਤਾਬਕ ਇਹ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਤੋਂ ਸ਼ੁਰੂ ਹੋ ਕੇ ਭਾਰਤੀ ਦੂਤਾਵਾਸ ਤੱਕ ਜਾਵੇਗਾ। ਪੋਸਟਰ ਦੇ ਹੇਠਾਂ ਦੋ ਮੋਬਾਈਲ ਨੰਬਰ ਵੀ ਲਿਖੇ ਹੋਏ ਹਨ।


ਜ਼ਿਕਰ ਕਰ ਦਈਏ ਕਿ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਪਿਛਲੇ ਮਹੀਨੇ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਇਕ ਗੁਰਦੁਆਰੇ ਦੀ ਪਾਰਕਿੰਗ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਸਰਕਾਰ ਨੇ ਨਿੱਝਰ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਸੀ।