Threat To Indian Diplomat In Canada: ਭਾਰਤ ਨੇ ਕੈਨੇਡਾ ਵਿੱਚ ਮੌਜੂਦ ਆਪਣੇ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਉਥੋਂ ਦੀ ਸਰਕਾਰ ਕੋਲ ਚਿੰਤਾ ਜ਼ਾਹਰ ਕੀਤੀ ਹੈ। ਭਾਰਤ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹਾਲ ਹੀ 'ਚ ਕੈਨੇਡਾ 'ਚ ਖਾਲਿਸਤਾਨ ਸਮਰਥਕਾਂ ਦੀ ਰੈਲੀ ਨੂੰ ਲੈ ਕੇ ਪੋਸਟਰ ਵੰਡੇ ਗਏ ਹਨ, ਜਿਸ 'ਚ ਓਟਾਵਾ 'ਚ ਹਾਈ ਕਮਿਸ਼ਨਰ ਤੇ ਟੋਰਾਂਟੋ ਸਥਿਤ ਕੌਂਸਲੇਟ ਜਨਰਲ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ।



'ਹਿੰਦੁਸਤਾਨ ਟਾਈਮਜ਼' ਦੀ ਰਿਪੋਰਟ ਵਿੱਚ ਪੋਸਟਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਖਾਲਿਸਤਾਨ ਸਮਰਥਕਾਂ ਨੇ 8 ਜੁਲਾਈ ਨੂੰ ਕੈਨੇਡਾ ਵਿੱਚ ਖਾਲਿਸਤਾਨ ਫਰੀਡਮ ਰੈਲੀ ਕਰਨ ਦੀ ਯੋਜਨਾ ਬਣਾਈ ਹੈ। ਇਸ ਰੈਲੀ ਦਾ ਸੱਦਾ ਖਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਵਿਰੋਧ 'ਚ ਦਿੱਤਾ ਗਿਆ ਹੈ। ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਨਿੱਝਰ ਦੀ 18 ਜੂਨ ਨੂੰ ਕੈਨੇਡਾ ਦੇ ਸਰੀ ਸ਼ਹਿਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨਿੱਝਰ ਨੂੰ ਗੁਰਦੁਆਰੇ ਦੀ ਪਾਰਕਿੰਗ ਵਿੱਚ ਗੋਲੀ ਮਾਰੀ ਗਈ ਸੀ।



ਹਾਈ ਕਮਿਸ਼ਨਰ ਨੂੰ ਧਮਕੀ



ਸੂਤਰਾਂ ਮੁਤਾਬਕ ਪੋਸਟਰ ਵਿੱਚ ਓਟਾਵਾ ਸਥਿਤ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਤੇ ਟੋਰਾਂਟੋ ਵਿੱਚ ਕੌਂਸਲੇਟ ਜਨਰਲ ਅਪੂਰਵਾ ਸ੍ਰੀਵਾਸਤਵ ਨੂੰ ਧਮਕੀ ਦਿੱਤੀ ਗਈ ਹੈ। 'ਹਿੰਦੁਸਤਾਨ ਟਾਈਮਜ਼' ਨੇ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਤੇ ਹੋਰਾਂ ਦੀ ਸੁਰੱਖਿਆ ਚਿੰਤਾਵਾਂ ਬਾਰੇ ਗਲੋਬਲ ਅਫੇਅਰਜ਼ ਕੈਨੇਡਾ, ਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਨਾਲ-ਨਾਲ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਜੋ ਡਿਪਲੋਮੈਟਾਂ ਦੀ ਸੁਰੱਖਿਆ ਦੀ ਨਿਗਰਾਨੀ ਕਰਦੀ ਹੈ, ਨੂੰ ਜਾਣਕਾਰੀ ਦਿੱਤੀ ਹੈ। ਓਟਾਵਾ ਤੇ ਟੋਰਾਂਟੋ ਦੇ ਪੁਲਿਸ ਵਿਭਾਗਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।



ਦੱਸ ਦਈਏ ਕਿ ਹਰਦੀਪ ਸਿੰਘ ਨਿੱਝਰ ਭਾਰਤੀ ਏਜੰਸੀਆਂ ਦੀ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਸੀ। ਭਾਰਤ ਵਿੱਚ ਹਿੰਸਾ ਤੇ ਅਪਰਾਧ ਦੇ ਕਈ ਮਾਮਲਿਆਂ ਵਿੱਚ ਉਸ ਦਾ ਨਾਮ ਸਾਹਮਣੇ ਆਇਆ ਸੀ। ਹਰਦੀਪ ਨਿੱਝਰ ਉੱਪਰ ਪੰਜਾਬ ਵਿੱਚ ਟਾਰਗੇਟ ਕਿਲਿੰਗ ਦੇ ਇਲਜ਼ਾਮ ਸਨ। ਇਸ ਤੋਂ ਇਲਾਵਾ ਨਿੱਝਰ ਅਮਰੀਕਾ, ਬਰਤਾਨੀਆ, ਜਰਮਨੀ ਤੇ ਕੈਨੇਡਾ ਵਿੱਚ ਭਾਰਤੀ ਮਿਸ਼ਨਾਂ ਦੇ ਬਾਹਰ ਭਾਰਤ ਵਿਰੋਧੀ ਪ੍ਰਦਰਸ਼ਨਾਂ ਦੀ ਪਲਾਨਿੰਗ ਕਰਦਾ ਸੀ। 


ਇਸ ਦੇ ਨਾਲ ਹੀ ਨਿੱਝਰ ਸਿੱਖ ਫਾਰ ਜਸਟਿਸ (SFJ) ਦੇ ਬੈਨਰ ਹੇਠ ਗੁਰਪਤਵੰਤ ਸਿੰਘ ਪੰਨੂ ਤੇ ਪਰਮਜੀਤ ਸਿੰਘ ਪੰਮਾ ਵਰਗੇ ਖਾਲਿਸਤਾਨ ਪੱਖੀਆਂ ਨਾਲ ਕੰਮ ਕਰ ਰਿਹਾ ਸੀ। ਸਿੱਖ ਫਾਰ ਜਸਟਿਸ 'ਤੇ ਸਾਲ 2019 ਵਿੱਚ ਭਾਰਤ ਦੇ ਗ੍ਰਹਿ ਮੰਤਰਾਲੇ ਦੁਆਰਾ ਪਾਬੰਦੀ ਲਾਈ ਗਈ ਸੀ। ਇਸ ਦੇ ਨਾਲ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਆਪਣੇ ਦਸਤਾਵੇਜ਼ਾਂ 'ਚ ਨਿੱਝਰ ਦੇ ਕੈਨੇਡਾ 'ਚ ਰਹਿਣ ਵਾਲੇ ਸਥਾਨਾਂ ਨੂੰ ਸੂਚੀਬੱਧ ਕੀਤਾ ਹੈ।