ਟੋਕਿਓ: ਜਾਪਾਨ ਦੇ ਟੋਕਿਓ ਵਿੱਚ 60 ਸਾਲਾਂ ਦੇ ਸਭ ਤੋਂ ਤਾਕਤਵਰ ਤੂਫਾਨ 'ਹਗਿਬੀਸ' ਦੇ ਪ੍ਰਭਾਵ ਕਾਰਨ ਅਸਮਾਨ ਦਾ ਰੰਗ ਗੁਲਾਬੀ ਅਤੇ ਜਾਮਨੀ ਹੋ ਗਿਆ ਹੈ। ਤੂਫਾਨ ਦੇ ਸ਼ਨੀਵਾਰ ਨੂੰ ਸਮੁੰਦਰੀ ਤਟ 'ਤੇ ਆਉਣ ਦਾ ਖ਼ਦਸ਼ਾ ਹੈ। ਇਸ ਤੋਂ ਪਹਿਲਾਂ ਹੀ ਸਮੁੰਦਰੀ ਕੰਢੇ ਦੇ ਇਲਾਕਿਆਂ ਵਿੱਚ ਤਬਾਹੀ ਨਜ਼ਰ ਆਉਣ ਲੱਗੀ ਹੈ। 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚਲ ਰਹੀਆਂ ਹਨ। ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਪ੍ਰਸ਼ਾਸਨ ਨੇ ਕਰੀਬ 42 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ। ਫਿਲੀਪੀਨਜ਼ ਨੇ ਤੂਫਾਨ ਨੂੰ 'ਹਗਿਬੀਸ' ਦਾ ਨਾਂ ਦਿੱਤਾ ਹੈ। ਉੱਥੋਂ ਦੀ ਭਾਸ਼ਾ ਵਿੱਚ ਇਸ ਦਾ ਅਰਥ ‘ਰਫ਼ਤਾਰ’ ਹੁੰਦਾ ਹੈ। ਇਸ ਤੋਂ ਪਹਿਲਾਂ ਜਪਾਨ ਵਿੱਚ 1958 ਵਿਚ ਇਸੇ ਤਰ੍ਹਾਂ ਦੇ ਤੂਫਾਨ ਨੇ ਭਾਰੀ ਤਬਾਹੀ ਮਚਾਈ ਸੀ। ਉਦੋਂ 1200 ਲੋਕ ਮਾਰੇ ਗਏ ਸੀ ਅਤੇ ਹਜ਼ਾਰਾਂ ਬੇਘਰ ਹੋ ਗਏ ਸੀ।
ਹੁਣ ਤੇਜ਼ ਹਵਾਵਾਂ ਕਾਰਨ ਹੋਈ ਤਬਾਹੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਹਵਾ ਇੰਨੀ ਤੇਜ਼ ਹੈ ਕਿ ਸੜਕ 'ਤੇ ਕਈ ਵਾਹਨ ਪਲਟ ਗਏ ਅਤੇ ਇਕ ਵਿਅਕਤੀ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਤੂਫਾਨ ਦੇ ਕਾਰਨ ਜਾਪਾਨ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ।
ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰ ਲਿਆ ਗਿਆ ਹੈ। ਟੋਕਿਓ ਤੋਂ ਇਲਾਵਾ, 50,000 ਲੋਕਾਂ ਨੂੰ ਤੁਰੰਤ ਸ਼ਿਜੋਕਾ, ਗੁੰਮਾ ਤੇ ਚਿੱਬਾ ਤੋਂ ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਉੱਧਰ ਜਾਪਾਨ ਦੇ ਦੱਸ ਪ੍ਰਾਂਤਾਂ ਤੋਂ ਕਰੀਬ 42 ਲੱਖ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਗਿਆ ਹੈ।