ਜਾਪਾਨ ਵਿੱਚ ਖ਼ਤਰਨਾਕ ਅਤੇ ਸ਼ਕਤੀਸ਼ਾਲੀ ਤੂਫ਼ਾਨ ਨਾਨਮਾਡੋਲ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਤੂਫਾਨ 'ਚ ਹੁਣ ਤੱਕ ਇੱਕ ਦੀ ਮੌਤ ਹੋ ਚੁੱਕੀ ਹੈ ਜਦਕਿ 70 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਤੂਫਾਨ ਜਾਪਾਨ 'ਚ ਆਉਣ ਵਾਲੇ ਸਭ ਤੋਂ ਭਿਆਨਕ ਤੂਫਾਨਾਂ 'ਚੋਂ ਇੱਕ ਹੈ। ਤੂਫਾਨ ਕਾਰਨ 90 ਲੱਖ ਲੋਕਾਂ ਨੂੰ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਇਨ੍ਹਾਂ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾਵੇਗਾ। ਐਤਵਾਰ ਸਵੇਰੇ ਤੂਫਾਨ ਜਾਪਾਨ ਦੇ ਸਭ ਤੋਂ ਦੱਖਣੀ ਟਾਪੂ ਕਿਊਸ਼ੂ ਨਾਲ ਟਕਰਾਇਆ, ਜਿਸ ਤੋਂ ਬਾਅਦ ਘਰਾਂ ਦੀ ਬਿਜਲੀ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਅਗਲੇ ਕੁਝ ਦਿਨਾਂ 'ਚ ਇਹ ਮੁੱਖ ਟਾਪੂ ਹੋਨਸ਼ੂ ਦੇ ਉੱਪਰੋਂ ਲੰਘ ਸਕਦਾ ਹੈ।


10 ਹਜ਼ਾਰ ਲੋਕਾਂ ਨੇ ਐਮਰਜੈਂਸੀ ਸ਼ੈਲਟਰ ਵਿੱਚ ਰਾਤ ਕੱਟੀ


ਜਾਣਕਾਰੀ ਮੁਤਾਬਕ ਤੂਫਾਨ ਤੋਂ ਬਾਅਦ ਐਤਵਾਰ ਨੂੰ ਕਰੀਬ 10 ਹਜ਼ਾਰ ਲੋਕਾਂ ਨੇ ਐਮਰਜੈਂਸੀ ਸ਼ੈਲਟਰ 'ਚ ਰਾਤ ਕੱਟਣ ਦੀ ਸੂਚਨਾ ਦਿੱਤੀ, ਜਦਕਿ ਸਾਢੇ ਤਿੰਨ ਲੱਖ ਘਰਾਂ ਦੀ ਬਿਜਲੀ ਚਲੀ ਗਈ। ਜਾਪਾਨ ਮੌਸਮ ਵਿਗਿਆਨ ਏਜੰਸੀ ਮੁਤਾਬਕ ਤੂਫਾਨ ਨਾਨਮਾਡੋਲ 'ਚ 162 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇਸ ਕਾਰਨ ਆਵਾਜਾਈ ਅਤੇ ਕਾਰੋਬਾਰ ਠੱਪ ਹੋ ਗਿਆ ਹੈ। ਬੁਲੇਟ ਟਰੇਨ ਸੇਵਾਵਾਂ, ਬੇੜੀਆਂ ਅਤੇ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕਈ ਦੁਕਾਨਾਂ ਅਤੇ ਹੋਰ ਕਾਰੋਬਾਰ ਬੰਦ ਕਰ ਦਿੱਤੇ ਗਏ ਹਨ ਅਤੇ ਕੁਝ ਜਾਇਦਾਦਾਂ ਦੀ ਰਾਖੀ ਲਈ ਰੇਤ ਦੀਆਂ ਬੋਰੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਦੇਸ਼ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ।


ਜਾਣਕਾਰੀ ਮੁਤਾਬਕ ਸੋਮਵਾਰ ਨੂੰ ਦੱਖਣ-ਪੱਛਮੀ ਜਾਪਾਨ 'ਚ ਤੂਫਾਨ ਨੇ ਦਸਤਕ ਦੇਣ ਤੋਂ ਬਾਅਦ ਇੱਥੇ ਬਾਰਿਸ਼ ਹੋਈ ਅਤੇ ਤੇਜ਼ ਹਵਾਵਾਂ ਚੱਲੀਆਂ। ਇਸ ਵਿੱਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਵੀ ਖਬਰ ਹੈ। ਤੂਫਾਨ ਹੁਣ ਉੱਤਰੀ ਟੋਕੀਓ ਵੱਲ ਵਧ ਰਿਹਾ ਹੈ। ਮਿਆਜ਼ਾਕੀ ਪ੍ਰੀਫੈਕਚਰ ਦੇ ਮਿਆਕੋਨਜੋ ਵਿੱਚ ਆਫ਼ਤ ਨਾਲ ਸਬੰਧਤ ਮਾਮਲਿਆਂ ਦੇ ਸਿਟੀ ਹਾਲ ਦੇ ਇੰਚਾਰਜ ਯੋਸ਼ੀਹਾਰੂ ਮੇਡ ਨੇ ਕਿਹਾ ਕਿ ਸੋਮਵਾਰ ਨੂੰ ਇੱਕ ਵਿਅਕਤੀ ਆਪਣੀ ਕਾਰ ਵਿੱਚ ਮ੍ਰਿਤਕ ਪਾਇਆ ਗਿਆ। ਇਸ ਦੇ ਨਾਲ ਹੀ ਢਿੱਗਾਂ ਡਿੱਗਣ ਕਾਰਨ ਇਕ ਹੋਰ ਵਿਅਕਤੀ ਲਾਪਤਾ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਮੁਤਾਬਕ ਤੂਫਾਨ ਨਾਨਮਾਡੋਲ ਦੌਰਾਨ 108 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ, ਜਿਨ੍ਹਾਂ ਕੁਝ ਸਮੇਂ ਲਈ 162 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵੀ ਫੜ ਲਈ। ਮੀਂਹ ਕਾਰਨ ਤਿਲਕਣ ਅਤੇ ਹੋਰ ਘਟਨਾਵਾਂ ਵਿੱਚ 60 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।