Jobs In Canada: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੋਣਾਂ ਨੇੜੇ ਆਉਂਦਿਆਂ ਹੀ ਕਈ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਟਰੂਡੋ ਨੇ ਕੈਨੇਡਾ ਵਿੱਚ ਅਸਥਾਈ ਨੌਕਰੀਆਂ ਕਰਨ ਵਾਲੇ ਵਿਦੇਸ਼ੀਆਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਦੇਸ਼ ਵਿਚ ਘੱਟ ਤਨਖਾਹਾਂ 'ਤੇ ਕੰਮ ਕਰਨ ਵਾਲੇ ਅਤੇ ਅਸਥਾਈ ਨੌਕਰੀਆਂ ਕਰਨ ਵਾਲੇ ਲੱਖਾਂ ਵਿਦੇਸ਼ੀ ਪ੍ਰਭਾਵਿਤ ਹੋਣਗੇ, ਜਿਨ੍ਹਾਂ ਵਿਚ ਸਭ ਤੋਂ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ।



ਹਾਂਜੀ! ਕੈਨੇਡਾ ਵਿੱਚ ਪੜ੍ਹਨ ਲਈ ਜਾਣ ਵਾਲੇ ਭਾਰਤੀ ਵਿਦਿਆਰਥੀ ਵੀ ਮਹਿੰਗਾਈ ਕਰਕੇ ਪੜ੍ਹਾਈ ਤੋਂ ਬਾਅਦ ਛੋਟੀਆਂ-ਮੋਟੀਆਂ ਨੌਕਰੀਆਂ ਕਰਦੇ ਹਨ। ਚੋਣ ਮਾਹਿਰਾਂ ਦਾ ਕਹਿਣਾ ਹੈ ਕਿ ਜਸਟਿਨ ਟਰੂਡੋ ਦੇ ਇਸ ਫੈਸਲੇ ਨਾਲ ਪ੍ਰਵਾਸੀਆਂ ਅਤੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵਧੇਗੀ। ਐਕਸ 'ਤੇ ਪੋਸਟ ਕਰਦੇ ਹੋਏ ਟਰੂਡੋ ਨੇ ਲਿਖਿਆ ਕਿ ਲੇਬਰ ਮਾਰਕੀਟ ਬਦਲ ਗਈ ਹੈ। ਅਸੀਂ ਕੈਨੇਡਾ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਜਾ ਰਹੇ ਹਾਂ। ਹੁਣ ਸਾਡੇ ਕਾਰੋਬਾਰਾਂ ਲਈ ਕੈਨੇਡੀਅਨ ਵਰਕਰਾਂ ਅਤੇ ਨੌਜਵਾਨਾਂ ਵਿੱਚ ਨਿਵੇਸ਼ ਕਰਨ ਦਾ ਸਮਾਂ ਆ ਗਿਆ ਹੈ।



ਟਰੂਡੋ ਦੇ ਇਸ ਫੈਸਲੇ ਨੂੰ ਮਾਹਿਰਾਂ ਵੱਲੋਂ ਸਿਆਸਤ ਨਾਲ ਜੋੜਿਆ ਜਾ ਰਿਹਾ ਹੈ। ਇਸ ਫੈਸਲੇ ਕਾਰਨ ਕੈਨੇਡਾ ਦੇ ਪੀਐਮ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀ ਗਿਣਤੀ 'ਚ ਯੂਜ਼ਰਸ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਬਹੁਤ ਸਾਰੇ ਕੈਨੇਡੀਅਨ ਐਕਸ ਯੂਜ਼ਰਸ ਨੇ ਉਨ੍ਹਾਂ ਨੂੰ ਹੁਣ ਤੱਕ ਦਾ ਸਭ ਤੋਂ ਖਰਾਬ ਪ੍ਰਧਾਨ ਮੰਤਰੀ ਵੀ ਕਹਿ ਦਿੱਤਾ ਹੈ। 



ਕੋਰੋਨਾ ਤੋਂ ਬਾਅਦ ਆਈ ਕਰਮਚਾਰੀਆਂ ਦੀ ਗਿਣਤੀ ਵਿੱਚ ਕਮੀਂ


ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਟਰੂਡੋ ਸਰਕਾਰ ਨੇ ਕੋਰੋਨਾ ਮਹਾਮਾਰੀ ਤੋਂ ਬਾਅਦ ਵਰਕਰਾਂ ਦੀ ਵੱਡੀ ਕਮੀ ਕਰਕੇ ਪਾਬੰਦੀਆਂ ਵਿੱਚ ਰਾਹਤ ਦਿੱਤੀ ਸੀ। ਇਸ ਤੋਂ ਬਾਅਦ, ਘੱਟ ਤਨਖਾਹ ਵਾਲੇ ਅਸਥਾਈ ਕਰਮਚਾਰੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਹੁਣ ਕੈਨੇਡਾ ਇਮੀਗ੍ਰੇਸ਼ਨ ਸਿਸਟਮ ਵਿੱਚ ਬਦਲਾਅ ਨੂੰ ਲੈਕੇ ਚਰਚਾ ਕਰ ਰਿਹਾ ਹੈ। ਸਥਾਈ ਵਸਨੀਕਾਂ ਦੀ ਗਿਣਤੀ ਵਿੱਚ ਗਿਰਾਵਟ ਦੇ ਕਰਕੇ ਇਸ ਹਫਤੇ ਕੈਬਨਿਟ ਸਟਰੀਟ ਵਿੱਚ ਇਸ ਵਿਸ਼ੇ 'ਤੇ ਚਰਚਾ ਹੋ ਸਕਦੀ ਹੈ।



ਇਨ੍ਹਾਂ ਥਾਵਾਂ 'ਤੇ ਮਿਲੇਗੀ ਰਾਹਤ


ਅੱਜ, ਸਰਕਾਰ ਦੇ ਅਨੁਸਾਰ ਘੱਟ ਤਨਖਾਹ ਵਾਲੇ ਵਿਦੇਸ਼ੀ ਕਾਮਿਆਂ ਨੂੰ ਉਨ੍ਹਾਂ ਥਾਵਾਂ 'ਤੇ ਕੰਮ ਨਹੀਂ ਦਿੱਤਾ ਜਾਵੇਗਾ ਜਿੱਥੇ ਬੇਰੁਜ਼ਗਾਰੀ ਦੀ ਦਰ ਛੇ ਪ੍ਰਤੀਸ਼ਤ ਜਾਂ ਇਸ ਤੋਂ ਵੱਧ ਹੋਵੇਗੀ। ਹਾਲਾਂਕਿ, ਖੇਤੀਬਾੜੀ, ਭੋਜਨ ਅਤੇ ਮੱਛੀ ਪ੍ਰੋਸੈਸਿੰਗ ਅਤੇ ਸਿਹਤ ਦੇਖਭਾਲ ਵਰਗੇ ਖੁਰਾਕ ਸੁਰੱਖਿਆ ਖੇਤਰਾਂ ਵਿੱਚ ਅਜੇ ਵੀ ਰਾਹਤ ਬਣੀ ਹੋਈ ਹੈ, ਕਿਉਂਕਿ ਇੱਥੇ ਕਾਮਿਆਂ ਦੀ ਘਾਟ ਹੈ।