ਅਮਰੀਕੀ ਬਾਇਡਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਐਚ-1ਬੀ ਵੀਜ਼ਾ ਵਾਲੇ ਵਿਦੇਸ਼ੀ ਕਰਮਚਾਰੀਆਂ ਨੂੰ ਪਿਛਲੀ ਟਰੰਪ ਪ੍ਰਸ਼ਾਸਨ ਦੇ ਵਿਵਾਦਤ ਨਿਯਮ ਦੇ ਚੱਲਦਿਆਂ ਹੋਈਆਂ ਮੁਸ਼ਕਿਲਾਂ ਅਤੇ ਇਤਰਾਜ਼ 'ਤੇ ਮੁੜ ਵਿਚਾਰ ਕਰ ਰਹੇ ਹਨ। ਪ੍ਰਸ਼ਾਸਨ ਨੇ ਇਸ ਵਿਵਾਦਤ ਨਿਯਮ 'ਚ ਦੇਰੀ ਲਈ ਸ਼ੁੱਕਰਵਾਰ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। 


ਇਹ ਨਿਯਮ ਐਚ-1ਬੀ ਵੀਜ਼ਾ ਵਾਲੇ ਵਿਦੇਸ਼ੀ ਕਰਮਚਾਰੀਆਂ ਲਈ ਜ਼ਰੂਰੀ ਘੱਟੋ ਘੱਟ ਵੇਤਨ 'ਚ ਵਾਧੇ ਨਾਲ ਸਬੰਧਤ ਹੈ। ਪ੍ਰਸ਼ਾਸਨ ਦੇ ਮੁਤਾਬਕ ਵਿਵਾਦਤ ਨਿਯਮ ਨੂੰ ਫਿਲਹਾਲ ਲਾਗੂ ਨਹੀਂ ਕੀਤਾ ਜਾਵੇਗਾ ਤੇ ਇਸ ਨੂੰ ਟਾਲ ਦਿੱਤਾ ਗਿਆ ਹੈ। ਕਿਰਤ ਵਿਭਾਗ ਵੱਲੋਂ ਸ਼ੁੱਕਰਵਾਰ ਜਾਰੀ ਨੋਟੀਫਿਕੇਸ਼ਨ ਮੁਤਾਬਕ ਉਹ ਇਸ ਨਿਯਮ ਨੂੰ ਲਾਗੂ ਕਰਨ ਤੇ ਇਸ ਦੇ ਅਮਲ 'ਚ ਦੇਰੀ ਨੂੰ ਲੈਕੇ ਵਿਚਾਰ ਕਰ ਰਿਹਾ ਹੈ। ਫਿਲਹਾਲ ਇਸ ਨਿਯਮ ਨੂੰ ਪ੍ਰਭਾਵੀ ਕਰਨ ਦੀਆਂ ਤਾਰੀਖਾਂ 'ਚ ਹੋਰ ਦੇਰੀ ਨਾਲ ਪਹਿਲਾਂ ਆਮ ਆਦਮੀ ਦੀ ਰਾਇ ਲਈ ਜਾਵੇਗੀ।


ਭਾਰਤੀ ਆਈਟੀ ਪੇਸ਼ੇਵਰਾਂ ਨੂੰ ਮਿਲੇਗੀ ਰਾਹਤ


ਬਾਇਡਨ ਪ੍ਰਸ਼ਾਸਨ ਦੇ ਇਸ ਕਦਮ ਨਾਲ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਵੀ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਵਿਦੇਸ਼ੀ ਕਾਮਿਆ ਤੇ ਖਾਸਕਰ ਐਚ-1ਬੀ ਵੀਜ਼ਾ ਨੂੰ ਲੈਕੇ ਟਰੰਪ ਪ੍ਰਸ਼ਾਸਨ ਦੇ ਵਿਵਾਦਤ ਨਿਯਮਾਂ ਦੇ ਚੱਲਦਿਆਂ ਆਈਟੀ ਪੇਸ਼ੇਵਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।


ਪਿਛਲੇ ਲੰਬੇ ਸਮੇਂ ਤੋਂ ਐਚ-1 ਬੀ ਵੀਜ਼ਾ ਦੇ ਨਿਯਮਾਂ 'ਚ ਬਦਲਾਅ ਦਾ ਮਸਲਾ ਚੱਲ ਰਿਹਾ ਹੈ। ਦਰਅਸਲ ਟਰੰਪ ਪ੍ਰਸ਼ਾਸਨ ਸਮੇਂ ਐਚ-1 ਬੀ ਵੀਜ਼ਾ ਨਿਯਮਾਂ 'ਚ ਬਦਲਾਅ ਦੀ ਗੱਲ ਆਈ ਸੀ। ਪਰ ਉਸ ਤੋਂ ਬਾਅਦ ਜੋ ਬਾਇਡਨ ਦੇ ਰਾਸ਼ਟਰਪਤੀ ਬਣਨ ਤੇ ਐਚ-1ਬੀ ਵੀਜ਼ਾ ਹੋਲਡਰਾਂ ਨੂੰ ਰਾਹਤ ਮਿਲੀ ਸੀ।


ਇਸੇ ਦਿਸ਼ਾ 'ਚ ਚੱਲਦਿਆਂ ਬਾਇਡਨ ਪ੍ਰਸ਼ਾਸਨ ਨੇ ਫਿਲਹਾਲ ਵਿਵਾਦਤ ਨਿਯਮਾਂ ਨੂੰ ਜਾਰੀ ਕਰਨਾ ਟਾਲ ਦਿੱਤਾ ਹੈ ਤੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਸ ਤੋਂ ਬਾਅਦ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਰਾਹਤ ਦੀ ਉਮੀਦ ਹੈ।