ਅਮਰੀਕੀ ਰਾਸ਼ਟਰਪਤੀ ਚੋਣਾਂ 'ਚ 270 ਦੇ ਜਾਦੂਈ ਅੰਕੜੇ ਦੇ ਕਰੀਬ ਪਹੁੰਚ ਰਹੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਨੇ ਦੱਸਿਆ ਕਿ ਕਿਹੋ ਜਿਹੇ ਰਾਸ਼ਟਰਪਤੀ ਹੋਣਗੇ। ਬਾਇਡਨ ਨੇ ਕਿਹਾ ਉਹ ਸਾਰੇ ਲੋਕਾਂ ਦੇ ਲੀਡਰ ਹੋਣਗੇ। ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਲਈ 270 ਜਾਂ ਜ਼ਿਆਦਾ ਇਲੈਕਟੋਰਲ ਵੋਟ ਹਾਸਲ ਕਰਨੇ ਹੁੰਦੇ ਹਨ। ਜੋ ਬਾਇਡਨ ਨੂੰ 253 ਜਦਕਿ ਡੌਨਾਲਡ ਟਰੰਪ ਨੂੰ 213 ਇਲੈਕਟੋਰਲ ਵੋਟ ਮਿਲੇ ਹਨ।


ਬੁੱਧਵਾਰ ਇਕ ਰੈਲੀ 'ਚ ਬਾਇਡਨ ਨੇ ਕਿਹਾ 'ਅਸੀਂ ਡੈਮੋਕ੍ਰੇਟ ਦੇ ਰੂਪ 'ਚ ਪ੍ਰਚਾਰ ਕਰ ਰਹੇ ਹਾਂ। ਪਰ ਮੈਂ ਇਕ ਅਮਰੀਕੀ ਰਾਸ਼ਟਰਪਤੀ ਦੇ ਰੂਪ 'ਚ ਸ਼ਾਸਨ ਕਰੂੰਗਾ। ਰਾਸ਼ਟਰਪਤੀ ਦਾ ਅਹੁਦਾ ਪੱਖਪਾਤੀ ਨਹੀਂ ਹੋ ਸਕਦਾ। ਰਾਸ਼ਟਰਪਤੀ ਕਾਰਜਕਾਲ 'ਚ ਸਾਰੇ ਲੋਕਾਂ ਦੀ ਅਗਵਾਈ ਕਰਦਾ ਹੈ ਤੇ ਸਾਰੇ ਅਮਰੀਕੀਆਂ ਦੀ ਦੇਖਭਾਲ ਲਈ ਉੱਤਰਦਾਈ ਹੈ। ਸਾਨੂੰ ਆਪਣੇ ਵਿਰੋਧੀਆਂ ਨੂੰ ਦੁਸ਼ਮਨ ਦੇ ਰੂਪ 'ਚ ਮੰਨਣਾ ਬੰਦ ਕਰਨਾ ਹੋਵੇਗਾ। ਅਸੀਂ ਦੁਸ਼ਮਨ ਨਹੀਂ ਹਾਂ।'ਬਾਇਡਨ ਹੁਣ ਚੋਣ ਪ੍ਰਚਾਰ ਦੌਰਾਨ ਇਕ ਦੂਜੇ 'ਤੇ ਕੀਤੇ ਗਏ ਹਮਲੇ ਨੂੰ ਭੁੱਲ ਜਾਣਾ ਚਾਹੁੰਦੇ ਹਨ। ਉਨ੍ਹਾਂ ਚੋਣ ਪ੍ਰਚਾਰ ਦੌਰਾਨ ਤਿੱਖੀ ਬਿਆਨਬਾਜ਼ੀ ਕੀਤੀ ਪਰ ਹੁਣ ਸਭ ਭੁੱਲ ਕੇ ਰਾਸ਼ਟਰ ਲਈ ਇਕਜੁੱਟ ਹੋਣਾ ਪਵੇਗਾ। ਉਨ੍ਹਾਂ ਕਿਹਾ ਸਾਨੂੰ ਇਕ ਦੂਜੇ ਨੂੰ ਫਿਰ ਤੋਂ ਦੇਖਣਾ, ਇਕ ਦੂਜੇ ਨੂੰ ਫਿਰ ਤੋਂ ਸੁਣਨਾ ਤੇ ਸਨਮਾਨ ਕਰਨਾ ਹੋਵੇਗਾ।

ਬਰਾਕ ਓਬਾਮਾ ਨੂੰ ਛੱਡਿਆ ਪਿੱਛੇ:

ਅਮਰੀਕੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਪਰ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਨੇ ਨਵਾਂ ਰਿਕਾਰਡ ਸਿਰਜਿਆ ਹੈ। ਉਹ ਅਮਰੀਕੀ ਇਤਿਹਾਸ 'ਚ ਪਹਿਲੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣ ਗਏ ਹਨ ਜਿੰਨ੍ਹਾਂ ਨੂੰ ਸਭ ਤੋਂ ਜ਼ਿਆਦਾ ਵੋਟ ਮਿਲੇ ਹਨ। ਉਨ੍ਹਾਂ ਓਬਾਮਾ ਦਾ ਰਿਕਾਰਡ ਵੀ ਤੋੜ ਦਿੱਤਾ ਹੈ।

ਅਮਰੀਕੀ ਚੋਣਾਂ 'ਚ 2008 'ਚ ਓਬਾਮਾ ਨੂੰ 69,498,516 ਵੋਟ ਮਿਲੇ ਸਨ। ਓਬਾਮਾ ਸ਼ਾਸਨਕਾਲ 'ਚ ਉਪ ਰਾਸ਼ਟਰਪਤੀ ਰਹਿ ਚੁੱਕੇ ਬਾਇਡਨ ਨੇ ਹੁਣ ਤਕ ਰਿਕਾਰਡ 69,589,840 ਵੋਟ ਹਾਸਲ ਕਰ ਲਏ ਤੇ ਅਜੇ ਵੀ ਗਿਣਤੀ ਜਾਰੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ