ਨਵੀੰ ਦਿੱਲੀ: G20 ਸ਼ਿਖਰ ਸੰਮੇਲਨ (G20 Summit) 'ਚ ਇੱਕ ਪੱਤਰਕਾਰ ਨੂੰ ਬ੍ਰਾਜ਼ਿਲ ਦੇ ਰਾਸ਼ਟਰਪਤੀ ਜਾਅਰ ਬੋਲਸੋਨਾਰੋ (Jair Bolsonaro) ਨੂੰ ਸਵਾਲ ਕਰਨਾ ਮਹਿੰਗਾ ਪੈ ਗਿਆ। ਪੱਤਰਕਾਰ ਨੇ ਰਾਸ਼ਟਰਪਤੀ ਨੂੰ ਪੁੱਛਿਆ ਕਿ ਉਨ੍ਹਾਂ ਦਾ G20 ਸ਼ਿਖਰ ਸੰਮੇਲਨ 'ਚ ਸ਼ਾਮਲ ਨਾ ਹੋਣ ਦਾ ਕਾਰਨ ਕੀ ਹੈ। ਇਨ੍ਹਾਂ ਪੁੱਛਦੇ ਹੀ ਰਾਸ਼ਟਰਪਤੀ ਦੇ ਸੁਰੱਖਿਆ ਕਰਮੀ ਗੁੱਸੇ 'ਚ ਆ ਗਏ ਤੇ ਉਨ੍ਹਾਂ ਨੇ ਪੱਤਰਕਾਰ ਦੀ ਕੁੱਟਮਾਰ ਕਰ ਦਿੱਤੀ।

ਇਸ ਮਗਰੋਂ ਪੱਤਰਕਾਰ ਨੇ ਸੁਰੱਖਿਆ ਕਰਮੀਆਂ 'ਤੇ ਹਿੰਸਾ ਦਾ ਇਲਜ਼ਾਮ ਲਗਾਇਆ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ।

ਬਾਅਦ ਵਿੱਚ ਰਾਸ਼ਟਰਪਤੀ ਬੋਲਸੋਨਾਰੋ ਨੇ ਕਿਹਾ ਕਿ ਇਹ ਪੱਤਰਕਾਰ ਲੰਬੇ ਸਮੇਂ ਤੋਂ ਮੇਰੇ ਨਾਲ ਦੁਰਵਿਵਹਾਰ ਕਰ ਰਿਹਾ ਹੈ ਤੇ ਫਰਜ਼ੀ ਖਬਰਾਂ ਵੀ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪੱਤਰਕਾਰ ਨੇ G20 ਦੀਆਂ ਘਟਨਾਵਾਂ ਦੀ ਵੀਡੀਓ ਵੀ ਤੋੜ-ਮਰੋੜ ਕੇ ਪੇਸ਼ ਕੀਤੀ, ਜਿਸ ਕਾਰਨ ਉਸ ਦਾ ਅਕਸ ਲਗਾਤਾਰ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰੀ ਕਰਨ ਦਾ ਇਹ ਸਹੀ ਤਰੀਕਾ ਨਹੀਂ ਹੈ, ਜਿਸ ਵਿੱਚ ਕੋਈ ਸੱਚਾਈ ਨਹੀਂ ਹੈ। ਇਸ ਦੇ ਨਾਲ ਹੀ ਅਖ਼ਬਾਰ ਓ ਗਲੋਬੋ ਨੇ ਰਾਸ਼ਟਰਪਤੀ ਦੇ ਸੁਰੱਖਿਆ ਕਰਮਚਾਰੀਆਂ 'ਤੇ ਪੱਤਰਕਾਰ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ।

ਇਸ ਤੋਂ ਪਹਿਲਾਂ ਬ੍ਰਾਜ਼ੀਲ ਦੇ ਐਮਾਜ਼ਾਨ ਜੰਗਲਾਂ 'ਚ ਰਿਕਾਰਡ ਪੱਧਰ 'ਤੇ ਦਰੱਖਤਾਂ ਦੀ ਕਟਾਈ ਕਾਰਨ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੀਆਂ ਮੁਸ਼ਕਲਾਂ ਵਧ ਗਈਆਂ ਸਨ। ਜਦੋਂ ਤੋਂ ਉਹ ਪ੍ਰਧਾਨ ਬਣੇ ਹਨ, ਜੰਗਲਾਂ ਦੀ ਸਫਾਈ ਵਧੀ ਹੈ। ਜਿਸ ਦਾ ਸਿੱਧਾ ਅਸਰ ਜਲਵਾਯੂ ਪਰਿਵਰਤਨ 'ਤੇ ਪੈ ਰਿਹਾ ਹੈ। ਇਸ ਕਾਰਨ ਬੋਲਸੋਨਾਰੋ 'ਤੇ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਆਸਟ੍ਰੇਲੀਆ ਵਿਚ ਜਲਵਾਯੂ ਪਰਿਵਰਤਨ ਲਈ ਕੰਮ ਕਰ ਰਹੇ ਸੰਗਠਨ ਨੇ ਰਾਸ਼ਟਰਪਤੀ ਦੇ ਖਿਲਾਫ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਵਿਚ ਸ਼ਿਕਾਇਤ ਦਰਜ ਕਰਵਾਈ ਹੈ।

ਓ ਗਲੋਬੋ ਅਖ਼ਬਾਰ ਦਾ ਕਹਿਣਾ ਹੈ ਕਿ ਟੀਵੀ ਗਲੋਬੋ ਪ੍ਰਸਾਰਣ ਪੱਤਰਕਾਰ ਲਿਓਨਾਰਡੋ ਮੋਂਟੇਰੋ ਦੇ ਪੇਟ ਵਿੱਚ ਮੁੱਕਾ ਮਾਰਿਆ ਗਿਆ ਅਤੇ ਰਾਸ਼ਟਰਪਤੀ ਤੋਂ ਸਵਾਲ ਕਰਨ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਧੱਕਾ ਦਿੱਤਾ। ਪੱਤਰਕਾਰ ਨੇ ਸਿਰਫ਼ ਇਹ ਪੁੱਛਿਆ ਕਿ ਉਹ ਐਤਵਾਰ ਨੂੰ ਜੀ-20 ਦੇ ਕਿਸੇ ਸਮਾਗਮ ਵਿੱਚ ਕਿਉਂ ਨਹੀਂ ਗਿਆ? ਇਸ ਗੱਲ 'ਤੇ ਸੁਰੱਖਿਆ ਕਰਮੀਆਂ ਨੇ ਗੁੱਸੇ 'ਚ ਆ ਕੇ ਪੱਤਰਕਾਰ ਦੀ ਕੁੱਟਮਾਰ ਕੀਤੀ।

ਕੋਰੋਨਾ ਮਹਾਮਾਰੀ ਕਾਰਨ ਲੋਕਾਂ 'ਚ ਰਾਸ਼ਟਰਪਤੀ ਖਿਲਾਫ ਗੁੱਸਾ
ਦੱਸ ਦਈਏ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੋਣ 'ਚ ਇਕ ਸਾਲ ਬਾਕੀ ਹੈ ਪਰ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਪਿਛਲੇ ਦਿਨੀਂ ਰੀਓ ਦੀ ਜਨੇਰੀਓ, ਸਾਓ ਪਾਉਲੋ ਤੇ ਦੇਸ਼ ਭਰ ਦੇ ਦਰਜਨਾਂ ਹੋਰ ਸ਼ਹਿਰਾਂ ਵਿੱਚ ਲੋਕਾਂ ਨੇ ਰਾਸ਼ਟਰਪਤੀ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਮਹਾਂਦੋਸ਼ ਦੀ ਮੰਗ ਕੀਤੀ। ਬ੍ਰਾਜ਼ੀਲ 'ਚ 25 ਮਿਲੀਅਨ ਤੋਂ ਜ਼ਿਆਦਾ ਲੋਕ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ, ਜਿਸ ਕਾਰਨ ਲੋਕਾਂ 'ਚ ਕਾਫੀ ਗੁੱਸਾ ਹੈ।