ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਮੌਕੇ ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਵੱਲੋਂ ਕੀਤੀਆਂ ਜਾ ਰਹੀਆਂ ਉਨ੍ਹਾਂ ਦੇ ਸਵਾਗਤ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ ਹੈ। ਟਰੂਡੋ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਹੈ ਕਿਉਂਕਿ ਮੁੱਖ ਮੰਤਰੀ ਨੇ ਉਨ੍ਹਾਂ ਦੀ ਕੈਬਨਿਟ ਮੰਤਰੀ 'ਤੇ ਸਿੱਖ ਵੱਖਵਾਦੀ ਲਹਿਰ ਨਾਲ ਸਬੰਧਤ ਹੋਣ ਦੇ ਇਲਜ਼ਾਮ ਲਾਏ ਸਨ।
ਭਾਰਤੀ ਮੀਡੀਆ ਵਿੱਚ ਕੈਪਟਨ ਦੇ ਹਰਿਮੰਦਰ ਸਾਹਿਬ ਅੰਦਰ ਟਰੂਡੋ ਦਾ 'ਗਾਈਡ' ਬਣਨ ਵਾਲੀਆਂ ਪ੍ਰਚਲਿਤ ਖ਼ਬਰਾਂ ਦਾ ਖੰਡਨ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਅਜਿਹੀ ਕੋਈ ਮਿਲਣੀ ਨਹੀਂ ਹੋਵੇਗੀ। ਇਸ ਦੌਰੇ ਬਾਰੇ ਜ਼ਿਆਦਾ ਵੇਰਵੇ ਸਾਂਝੇ ਨਾ ਕਰ ਸਕਣ ਦੀ ਮਜਬੂਰੀ ਦੱਸ ਕੇ ਅਧਿਕਾਰੀਆਂ ਨੇ ਇੰਨਾ ਹੀ ਕਿਹਾ ਕਿ ਅਸੀਂ ਉਨ੍ਹਾਂ (ਕੈਪਟਨ) ਨਾਲ ਕੋਈ ਯੋਜਨਾ ਨਹੀਂ ਬਣਾਈ ਹੈ।
ਪਿਛਲੇ ਸਾਲ ਭਾਰਤ ਦੌਰੇ 'ਤੇ ਆਏ ਕੈਨੇਡਾ ਦੇ ਰੱਖਿਆ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਕੈਪਟਨ ਨੇ ਉਨ੍ਹਾਂ 'ਤੇ ਖਾਲਿਸਤਾਨ ਪੱਖੀ ਮੁਹਿੰਮ ਦਾ ਸਮਰਥਨ ਕਰਦੇ ਹੋਣ ਦਾ ਇਲਜ਼ਾਮ ਲਾਇਆ ਸੀ। ਹਾਲਾਂਕਿ, ਹਰਜੀਤ ਸਿੰਘ ਸੱਜਣ ਤੇ ਬੁਨਿਆਦੀ ਢਾਂਚਾ ਮੰਤਰੀ ਅਮਰਜੀਤ ਸੋਹੀ ਨੇ ਕੈਪਟਨ ਦੇ ਇਸ ਇਲਜ਼ਾਮ ਦਾ ਜ਼ੋਰਦਾਰ ਵਿਰੋਖ ਕਰਦਿਆਂ ਕਿਹਾ ਸੀ ਕਿ ਉਹ ਕਦੇ ਵੀ ਅਜਿਹੀ ਮੁਹਿੰਮ ਦਾ ਹਿੱਸਾ ਨਹੀਂ ਰਹੇ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਹ ਪਹਿਲੀ ਭਾਰਤ ਫੇਰੀ ਹੈ। ਕੈਨੇਡੀਅਨ ਮੀਡੀਆ ਮੁਤਾਬਕ ਉਹ ਸ਼ੁੱਕਰਵਾਰ ਨੂੰ ਭਾਰਤ ਲਈ ਚੱਲਣਗੇ ਤੇ ਐਤਵਾਰ ਨੂੰ ਆਪਣਾ ਦੌਰਾ ਸ਼ੁਰੂ ਕਰਨਗੇ। ਇਹ ਹੋ ਸਕਦਾ ਹੈ ਕਿ ਟਰੂਡੋ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਹੀ ਜਾਣ। ਇਸ ਤੋਂ ਬਾਅਦ ਉਹ 23 ਫਰਵਰੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਰਾਸ਼ਟਪਤੀ ਭਵਨ ਵਿੱਚ ਮੁਲਾਕਾਤ ਕਰਨਗੇ।