ਚੰਡੀਗੜ੍ਹ: ਸ਼੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਲਾਂਘੇ ਲਈ ਦੋਵਾਂ ਦੇਸ਼ਾਂ ਵਾਲੇ ਪਾਸਿਓਂ ਨਿਰਮਾਣ ਦਾ ਕੰਮ ਸ਼ੁਰੂ ਹੋਣ ਬਾਅਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਖਾਕਾ ਉਲੀਕਿਆ ਜਾ ਰਿਹਾ ਹੈ। ਪਾਕਿ ਏਜੰਸੀ FIA ਨੇ ਪਾਕਿਸਤਾਨ ਸਰਕਾਰ ਨੂੰ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਕੁਝ ਸਿਫ਼ਾਰਸ਼ਾਂ ਭੇਜੀਆਂ ਹਨ। ਇਨ੍ਹਾਂ ਮੁਤਾਬਕ ਹਰ ਰੋਜ਼ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਲਾਂਘਾ ਖੋਲ੍ਹਿਆ ਜਾਵੇਗਾ। ਰੋਜ਼ਾਨਾ 500 ਦੇ ਕਰੀਬ ਸਿੱਖ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ।
ਐਫਆਈਏ ਨੇ ਕਰਤਾਰਪੁਰ ਕੌਰੀਡੋਰ, ਸਿੱਖਾਂ ਦੇ ਪਾਕਿਸਤਾਨ ਆਉਣ ਸਬੰਧੀ ਖਾਕਾ ਤਿਆਰ ਕਰ ਰਿਹਾ ਹੈ। ਹਾਸਲ ਜਾਣਕਾਰੀ ਮਤਾਬਕ ਕਰਤਾਰਪੁਰ ਸਾਹਿਬ ਦੀ ਸਰਹੱਦ 'ਤੇ ਇਮੀਗ੍ਰੇਸ਼ਨ ਸੈਂਟਰ ਬਣਾਇਆ ਜਾਵੇਗਾ। ਪਾਕਿਸਤਾਨ ਦੀਆਂ ਬੱਸਾਂ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਤੱਕ ਲੈ ਕੇ ਜਾਣਗੀਆਂ।
ਸਰਹੱਦ ਹਰ ਰੋਜ਼ 8 ਘੰਟੇ ਲਈ ਖੋਲ੍ਹੀ ਜਾਏਗੀ। ਇਹ ਸਿਫਾਰਸ਼ਾਂ ਪਾਕਿਸਤਾਨ ਸਰਕਾਰ ਨੂੰ ਭੇਜ ਦਿੱਤੀਆਂ ਗਈਆਂ ਹਨ ਤੇ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਹੈ। ਕਨਵੈਨਸ਼ਨ ਮਗਰੋਂ ਇਨ੍ਹਾਂ ਸਿਫਾਰਸ਼ਾਂ 'ਤੇ ਚਰਚਾ ਕੀਤੀ ਜਾਵੇਗੀ ਤੇ ਇਸ ਸਬੰਧੀ ਭਾਰਤ ਨਾਲ ਰਾਬਤਾ ਕਾਇਮ ਕੀਤਾ ਜਾਏਗਾ।