ਜਕਾਰਤਾ: ਇੰਡੋਨੇਸ਼ੀਆ ਦੀ ਸੁੰਦਾ ਖਾੜੀ ਵਿੱਚ ਸੁਨਾਮੀ ਦੀ ਚਪੇਟ ਵਿੱਚ ਆ ਕੇ ਮਰਨ ਵਾਲਿਆਂ ਦੀ ਗਿਣਤੀ 281 ਤਕ ਪਹੁੰਚ ਗਈ ਹੈ। ਹੁਣ ਤਕ ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਕੁਦਰਤੀ ਆਫ਼ਤ ਰੋਕੂ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸ਼ਨੀਵਾਰ ਦੇਰ ਰਾਤ ਅਨਾਕ ਕ੍ਰਾਕਾਤੋਆ ਜਵਾਲਾਮੁਖੀ ਫਟਣ ਬਾਅਦ ਸਮੁੰਦਰ ਹੇਠਾਂ ਜ਼ਮੀਨ ਖਿਸਕ ਗਈ।
50 ਤੋਂ 60 ਫੁੱਟ ਉੱਚੀਆਂ ਪਾਣੀ ਦੀਆਂ ਲਹਿਰਾਂ ਨੇ ਆਸ-ਪਾਸ ਦੇ ਤਟੀ ਇਲਾਕੇ ਵਿੱਚ ਤਬਾਹੀ ਮਚਾ ਦਿੱਤੀ। ਦੱਖਣੀ ਸੁਮਾਤਰਾ ਦੇ ਕਿਨਾਰੇ ਸਥਿਤ ਕਈ ਇਮਾਰਤਾਂ ਤਬਾਹ ਹੋ ਗਈਆਂ ਹਨ। ਸੁੰਦਾ ਖਾੜੀ ਇੰਡੋਨੇਸ਼ੀਆ ਦੇ ਜਾਵਾ ਤੇ ਸੁਮਾਤਰਾ ਦੀਪ ਵਿਚਾਲੇ ਸਥਿਤ ਹੈ। ਇਹ ਜਾਵਾ ਸਮੁੰਦਰ ਨੂੰ ਹਿੰਦ ਮਹਾਂਸਾਗਰ ਨਾਲ ਜੋੜਦੀ ਹੈ। ਮਾਤਰਾ ਦੇ ਦੱਖਣੀ ਲਾਮਪੁੰਗ ਤੇ ਜਾਵਾ ਦੇ ਸੇਰਾਂਗ ਤੇ ਪਾਂਦੇਲਾਂਗ ਇਲਾਕੇ ਵਿੱਚ ਸੁਨਾਮੀ ਦਾ ਸਭ ਤੋਂ ਜ਼ਿਆਦਾ ਅਸਰ ਪਿਆ।
ਅਧਿਕਾਰੀਆਂ ਮੁਤਾਬਕ ਮੌਤਾਂ ਦਾ ਅੰਕੜਾ ਹੋਰ ਵਧ ਸਕਦਾ ਹੈ। ਸੁਨਾਮੀ ਦੀ ਵਜ੍ਹਾ ਦਾ ਵੀ ਪਤਾ ਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ ਸਤੰਬਰ ਵਿੱਚ ਇੰਡੋਨੋਸ਼ੀਆ ਦੇ ਸੁਲਾਵੇਸੀ ਦੀਪ ਸਥਿਤ ਪਾਲੂ ਤੇ ਦੋਂਗਲਾ ਸ਼ਹਿਰ ਵਿੱਚ ਭੂਚੀਲ ਦੇ ਬਾਅਦ ਸੁਨਾਮੀ ਆਉਣ ਨਾਲ 832 ਜਣਿਆਂ ਦੀ ਮੌਤ ਹੋ ਗਈ ਸੀ ਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਸਨ।