ਮਾਸਕੋ: ਕਜਾਕਿਸਤਾਨ ਦੀ ਫੌਜ ਦਾ ਇਕ ਜਹਾਜ਼ ਸ਼ਨੀਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਭਿਆਨਕ ਹਾਦਸੇ 'ਚ ਜਹਾਜ਼ 'ਚ ਸਵਾਰ ਚਾਲਕ ਦਲ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਜਦਕਿ ਦੋ ਹੋਰ ਜ਼ਖ਼ਕਮੀ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

Continues below advertisement


ਕਜਾਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਜਹਾਜ਼ ਹਾਦਸੇ ਦੌਰਾਨ ਚਾਲਕ ਦਲ ਦੇ ਦੋ ਮੈਂਬਰ ਬਚ ਗਏ। ਜਿੰਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ਸਥਿਤ ਹਵਾਈ ਅੱਡੇ 'ਤੇ ਉੱਤਰਨ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ।


ਏਐਨ-26 ਮਿਲਟਰੀ ਜਹਾਜ਼ ਕਜਾਕਿਸਤਾਨ ਦੀ ਰਾਜਧਾਨੀ ਨੂਰ ਸੁਲਤਾਨ ਤੋਂ ਅਲਮਾਟੀ ਦੇ ਹਵਾਈ ਅੱਡੇ 'ਤੇ ਪਹੁੰਚਿਆ ਸੀ ਤੇ ਇਸ 'ਚ ਚਾਲਕ ਦਲ ਦੇ ਛੇ ਮੈਂਬਰਾਂ ਤੋਂ ਇਲਾਵਾ ਕੋਈ ਵੀ ਯਾਤਰੀ ਸਵਾਰ ਨਹੀਂ ਸੀ। ਦੁਰਘਟਨਾ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ।


ਸ਼ਾਮ ਕਰੀਬ 5 ਵੱਜ ਕੇ 20 ਮਿੰਟ 'ਤੇ ਸਥਾਨਕ ਸਮੇਂ ਮੁਤਾਬਕ ਲੈਂਡਿੰਗ ਦੌਰਾਨ ਜਹਾਜ਼ ਨਾਲੋਂ ਸੰਪਰਕ ਟੁੱਟ ਗਿਆ ਸੀ। ਏਅਰਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਹਵਾਈ ਅੱਡੇ 'ਤੇ ਰਨਵੇਅ ਦੇ ਆਖਰੀ ਹਿੱਸੇ 'ਚ ਕ੍ਰੈਸ਼ ਹੋਇਆ। ਰਸ਼ੀਨ ਨਿਊਜ਼ ਏਜੰਸੀ ਇੰਟਰਫੈਕਸ ਦੇ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਕਜਾਕਿਸਤਾਨ ਦੇ ਬਾਰਡਰ ਗਾਰਡ ਏਜੰਸੀ ਦਾ ਸੀ।