ਕੈਨੇਡਾ 'ਚ ਗਰਮਾਇਆ ਖਾਲਿਸਤਾਨ ਦਾ ਮੁੱਦਾ
ਏਬੀਪੀ ਸਾਂਝਾ | 04 Mar 2018 01:51 PM (IST)
ਚੰਡੀਗੜ੍ਹ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਮਗਰੋਂ ਕੈਨੇਡਾ ਵਿੱਚ ਖਾਲਿਸਸਤਾਨ ਦਾ ਮੁੱਦਾ ਗਰਮਾਇਆ ਹੋਇਆ ਹੈ। ਟਰੂਡੋ ਦੀ ਵਿਰੋਧੀ ਧਿਰ ਇਸ ਮਾਮਲੇ ਦਾ ਸਿਆਸੀ ਲਾਹਾ ਲੈਣ ਦੇ ਰੌਅ ਵਿੱਚ ਸੀ ਪਰ ਸਿੱਖ ਵੋਟ ਬੈਂਕ ਕਰਕੇ ਉਸ ਨੇ ਵੀ ਪੈਰ ਪਿਛਾਂਹ ਖਿੱਚ ਲਏ ਹਨ। ਸਿੱਖਾਂ ਦੀ ਨਾਰਾਜ਼ਗੀ ਤੋਂ ਡਰਦਿਆਂ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਪਾਰਲੀਮੈਂਟ ਵਿੱਚ ‘ਖਾਲਿਸਤਾਨ ਵਿਰੋਧੀ’ ਮਤਾ ਵਾਪਸ ਲੈ ਲਿਆ ਹੈ। ਕੈਨੇਡੀਅਨ ਸਿੱਖ ਐਸੋਸੀਏਸ਼ਨ ਤੇ ਵਰਲਡ ਸਿੱਖ ਸੰਸਥਾ ਨੇ ਆਖਿਆ ਕਿ ਇਹ ਮਤਾ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਵਾਲਾ ਸੀ, ਜਿਸ ਨੂੰ ਹਟਾਉਣ ਦਾ ਫ਼ੈਸਲਾ ਸ਼ਲਾਘਾਯੋਗ ਹੈ। ਟੋਰੀ ਪਾਰਟੀ ਦੇ ਸੰਸਦ ਮੈਂਬਰ ਐਰਿਕ ਓ ਟੂਲ ਵੱਲੋਂ ਤਜਵੀਜ਼ਤ ਮਤੇ ਵਿੱਚ ਹਰ ਕਿਸਮ ਦੇ ਅਤਿਵਾਦ ਤੇ ਭਾਰਤ ਵਿੱਚ ਆਜ਼ਾਦ ਖ਼ਾਲਿਸਤਾਨੀ ਰਾਜ ਦੀ ਸਥਾਪਨਾ ਸਬੰਧੀ ਕਿਸੇ ਹਿੰਸਕ ਕਾਰਵਾਈ ਵਿੱਚ ਸ਼ਮੂਲੀਅਤ ਕਰਨ ਵਾਲੇ ਦੀ ਪ੍ਰਸ਼ੰਸਾ ਕਰਨ ਵਾਲਿਆਂ ਦੀ ਨਿਖੇਧੀ ਤੇ ਮਜ਼ਬੂਤ ਤੇ ਅਖੰਡ ਭਾਰਤ ਦਾ ਸਮਰਥਨ ਦਰਜ ਸੀ। ਇਹ ਮਤਾ ਐਨ ਉਸ ਵੇਲੇ ਆਇਆ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਦੇ ਰਾਤਰੀ ਭੋਜ ਵਿੱਚ ਖ਼ਾਲਿਸਤਾਨੀ ਪਿਛੋਕੜ ਦੇ ਜਸਪਾਲ ਅਟਵਾਲ ਦੀ ਸ਼ਮੂਲੀਅਤ ਦੀ ਚਰਚਾ ਸੰਸਦ ਵਿੱਚ ਛਿੜੀ ਹੋਈ ਸੀ। ਵਰਲਡ ਸਿੱਖ ਸੰਸਥਾ ਨੇ ਬੀਤੇ ਦਿਨ ਤੌਖ਼ਲਾ ਜ਼ਾਹਰ ਕੀਤਾ ਸੀ ਕਿ ਟੋਰੀ ਪਾਰਟੀ ਇਸ ਮਤੇ ਰਾਹੀਂ ਸਮੁੱਚੇ ਸਿੱਖ ਭਾਈਚਾਰੇ ਨੂੰ ‘ਅਤਿਵਾਦੀ’ ਕਹਿ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਚੱਲਣ ਜਾ ਰਹੀ ਹੈ। ਇਸ ਮਤੇ ਦੀ ਭਿਣਕ ਪੈਂਦਿਆਂ ਸਾਰ ਕਈ ਜਥੇਬੰਦੀਆਂ ਨੇ ਇਸ ਦੀ ਨੁਕਤਾਚੀਨੀ ਕੀਤੀ ਤੇ ਇਸ ਨੂੰ ਰੋਕਣ ਦੇ ਯਤਨ ਕੀਤੇ।