ਨਵੀਂ ਦਿੱਲੀ: ਖਾਲਿਸਤਾਨੀ ਦੱਸੇ ਜਾ ਰਹੇ ਜਸਪਾਲ ਅਟਵਾਲ ਦਾ ਨਾਂ ਹੁਣ ਗ੍ਰਹਿ ਮੰਤਰਾਲੇ ਦੀ ਅੱਤਵਾਦੀਆਂ ਦੀ ਬਲੈਕਲਿਸਟ ਵਿੱਚ ਨਹੀਂ ਹੈ। ਅਟਵਾਲ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਡਿਨਰ ਪਾਰਟੀ ਵਿੱਚ ਬੁਲਾਇਆ ਗਿਆ ਸੀ ਪਰ ਵਿਵਾਦ ਤੋਂ ਬਾਅਦ ਉਸ ਨੂੰ ਸੱਦਾ ਰੱਦ ਕਰ ਦਿੱਤਾ ਗਿਆ ਸੀ।
ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਬੰਧਤ ਵਿਅਕਤੀ ਦੀ ਖੁਫੀਆ ਜਾਣਕਾਰੀ ਤੇ ਗਤੀਵਿਧੀਆਂ 'ਤੇ ਧਿਆਨ ਦੇਣ ਤੋਂ ਬਾਅਦ ਕੇਂਦਰ ਸਰਕਾਰ ਸਮੇਂ-ਸਮੇਂ ਉੱਪਰ ਅੱਤਵਾਦੀਆਂ ਦੀ ਕਾਲੀ ਸੂਚੀ ਦੀ ਸਮੀਖਿਆ ਕਰਦੀ ਹੈ।
ਅਧਿਕਾਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਤਕਰੀਬਨ 150 ਲੋਕਾਂ ਨੂੰ ਬਲੈਕਲਿਸਟ ਤੋਂ ਹਟਾ ਦਿੱਤਾ ਗਿਆ ਹੈ। ਇਹ ਵਿਅਕਤੀ ਜਾਂ ਤਾਂ ਸਾਬਕਾ ਅੱਤਵਾਦੀ ਸੀ ਜਾਂ ਇਨ੍ਹਾਂ ਦੇ ਅੱਤਵਾਦੀਆਂ ਨਾਲ ਸਬੰਧ ਸੀ। ਅਧਿਕਾਰੀ ਨੇ ਕਿਹਾ ਅਟਵਾਲ ਦਾ ਨਾਂ ਹੁਣ ਮੌਜੂਦਾ ਕਾਲੀ ਸੂਚੀ ਵਿੱਚ ਨਹੀਂ ਹੈ। ਬਲੈਕਲਿਸਟ ਦੀ ਹਮੇਸ਼ਾ ਪੰਜਾਬ ਸਰਕਾਰ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਸਮੀਖਿਆ ਕੀਤੀ ਜਾਂਦੀ ਹੈ।
ਵਿਦੇਸ਼ ਮੰਤਰਾਲੇ ਵੱਲੋਂ ਅਟਵਾਲ ਦੀ ਵੀਜ਼ਾ ਪੜਤਾਲ-
ਇਸ ਦੇ ਨਾਲ ਹੀ ਸਰਕਾਰ ਇਨ੍ਹਾਂ ਤੱਥਾਂ ਦੀ ਜਾਂਚ ਕਰ ਰਹੀ ਹੈ ਕਿ ਦੋਸ਼ੀ ਠਹਿਰਾਏ ਗਏ ਖਾਲਿਸਤਾਨੀ ਜਸਪਾਲ ਅਟਵਾਲ ਨੂੰ ਭਾਰਤ ਆਉਣ ਲਈ ਵੀਜ਼ਾ ਕਿਵੇਂ ਮਿਲਿਆ। ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਅੱਜ ਇਹ ਜਾਣਕਾਰੀ ਦਿੱਤੀ।
ਰਵਿਸ਼ ਕੁਮਾਰ ਨੇ ਕਿਹਾ, "ਇਸ ਦੇ ਦੋ ਪਹਿਲੂ ਹਨ। ਇੱਕ ਪ੍ਰੋਗਰਾਮ ਵਿੱਚ ਅਟਵਾਲ ਦੀ ਮੌਜੂਦਗੀ ਬਾਰੇ ਹੈ, ਜਿਸ ਬਾਰੇ ਕੈਨੇਡੀਅਨ ਪੱਖ ਵੱਲ ਗੌਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਗਲਤੀ ਸੀ ਤੇ ਇਸ ਕਾਰਨ, ਰਾਤ ਦੇ ਭੋਜਨ ਲਈ ਸੱਦਾ ਵਾਪਸ ਲੈ ਲਿਆ ਗਿਆ ਹੈ।"
ਉਸ ਨੇ ਕਿਹਾ," ਵੀਜ਼ਾ ਬਾਰੇ, ਮੈਂ ਤੁਰੰਤ ਇਹ ਨਹੀਂ ਕਹਿ ਸਕਦਾ ਕਿ ਇਹ ਕਿਵੇਂ ਹੋਇਆ। ਲੋਕਾਂ ਦੇ ਭਾਰਤ ਵਿੱਚ ਆਉਣ ਦੇ ਕਈ ਤਰੀਕੇ ਹਨ। ਤੁਸੀਂ ਇੱਕ ਭਾਰਤੀ ਨਾਗਰਿਕ ਜਾਂ ਓਸੀਆਈ ਕਾਰਡ ਧਾਰਕ ਹੋ। ਅਸੀਂ ਆਪਣੇ ਮਿਸ਼ਨ ਦੇ ਵੇਰਵੇ ਤੋਂ ਜਾਣੂ ਹਾਂ। ਸਾਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਇਹ ਕਿਵੇਂ ਹੋਇਆ।" ਅਟਵਾਲ ਨੂੰ 1986 ਵਿੱਚ ਵੈਨਕੂਵਰ ਵਿੱਚ ਤਤਕਾਲੀ ਪੰਜਾਬ ਦੇ ਮੰਤਰੀ ਮਲਕੀਤ ਸਿੰਘ ਸਿੱਧੂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਲਈ ਦੋਸ਼ੀ ਕਰਾਰ ਦਿੱਤਾ ਸੀ।