ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੈਨੇਡਾ ਦੇ ਹਮਰੁਤਬਾ ਜਸਟਿਨ ਟਰੂਡੋ ਦਾ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਗਰਮਜੋਸ਼ੀ ਨਾਲ ਸਵਾਗਤ ਕੀਤਾ। ਟਰੂਡੋ ਨੂੰ ਕਲ਼ਾਵੇ ਵਿੱਚ ਲੈਂਦਿਆਂ ਮੋਦੀ ਨੇ ਉਨ੍ਹਾਂ ਚਰਚਾਵਾਂ ਨੂੰ ਠੱਲ੍ਹ ਪਾਈ ਕਿ ਭਾਰਤ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪ੍ਰਾਹੁਣਾਚਾਰੀ ਢੰਗ ਨਾਲ ਨਹੀਂ ਕੀਤੀ। ਟਰੂਡੋ ਦੇ ਨਾਲ ਉਨ੍ਹਾਂ ਦੀ ਪਤਨੀ ਸੋਫੀਆ, ਬੱਚੇ ਜ਼ੇਵੀਅਰ, ਐਲਾ-ਗ੍ਰੇਸ ਤੇ ਹੈਡ੍ਰੀਅਨ ਵੀ ਰਾਸ਼ਟਰਪਤੀ ਭਵਨ ਪਹੁੰਚੇ ਹਨ। ਮੋਦੀ ਨੇ ਸੋਫੀਆ ਟਰੂਡੋ, ਜ਼ੇਵੀਅਰ ਤੇ ਲਿਟਲ ਹੈਡ੍ਰੇਇਨ ਨਾਲ ਹੱਥ ਮਿਲਾਇਆ ਤੇ ਐਲੇ-ਗ੍ਰੇਸ ਨਾਲ ਖਾਸ ਗਲਵੱਕੜੀ ਪਾ ਕੇ ਪਿਆਰ ਜਤਾਇਆ। ਅੱਜ ਟਰੂਡੋ ਦਾ ਰਸਮੀ ਸਵਾਗਤ ਕਰਨਾ ਮੋਦੀ ਸਰਕਾਰ ਦੀ ਆਲੋਚਨਾ ਦਾ ਕਾਰਨ ਬਣਿਆ ਹੋਇਆ ਸੀ, ਕਿਉਂਕਿ ਬੀਤੀ 17 ਫਰਵਰੀ ਤੋਂ ਭਾਰਤ ਪੁੱਜੇ ਟਰੂਡੋ ਇਸ ਤੋਂ ਪਹਿਲਾਂ ਆਗਰਾ, ਅਹਿਮਦਾਬਾਦ, ਮੁੰਬਈ ਤੇ ਅੰਮ੍ਰਿਤਸਰ ਵਰਗੇ ਸਥਾਨਾਂ 'ਤੇ ਜਾ ਚੁੱਕੇ ਹਨ। ਅੰਮ੍ਰਿਤਸਰ ਵਿੱਚ ਉਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਵਾਗਤ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ। ਮੋਦੀ ਨੇ ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਦਾ ਨਿੱਘਾ ਸਵਾਗਤ ਕਰ ਕੇ ਇਨ੍ਹਾਂ ਸਵਾਲਾਂ 'ਤੇ ਰੋਕ ਲਾ ਦਿੱਤੀ ਹੈ। ਟਰੂਡੋ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਦੋਵਾਂ ਪ੍ਰਧਾਨ ਮੰਤਰੀਆਂ ਦਰਮਿਆਨ ਦੁਵੱਲੇ ਸਬੰਧਾਂ ਬਾਰੇ ਮੀਟਿੰਗ ਹੋਵੇਗੀ, ਜਿਸ ਦੌਰਾਨ ਕਈ ਸਮਝੌਤੇ ਹੋਣ ਦੀ ਉਮੀਦ ਹੈ।