ਚੰਡੀਗੜ੍ਹ: ਤੁਰਕੀ ਦੇ ਸੀਨੀਅਰ ਅਧਿਕਾਰੀ ਯਾਸਿਨ ਆਕਤਾਇ ਮੁਤਾਬਕ ਜਮਾਲ ਖਾਸ਼ੋਜੀ ਦੀ ਲਾਸ਼ ਦੇ ਟੁਕੜੇ-ਟੁਕੜੇ  ਕਰਕੇ ਤੇਜ਼ਾਬ 'ਚ ਸੁੱਟ ਦਿੱਤੇ ਗਏ। ਆਕਤਾਇ ਦਾ ਕਹਿਣਾ ਹੈ ਕਿ ਇਹ ਇਕਮਾਤਰ ਤਰਕਪੂਰਨ ਨਤੀਜਾ ਹੈ ਕਿ ਜਿੰਨ੍ਹਾਂ ਖਾਸ਼ੋਜੀ ਦੀ ਹੱਤਿਆ ਕੀਤੀ, ਉਨ੍ਹਾਂ ਉਸਦੀ ਲਾਸ਼ ਨੂੰ ਇਸ ਤਰ੍ਹਾਂ ਨਸ਼ਟ ਕੀਤਾ ਕਿ ਕੋਈ ਸੁਰਾਗ ਨਾ ਮਿਲ ਸਕੇ।

ਹਾਲਾਂਕਿ ਇਸ ਸਬੰਧੀ ਅਜੇ ਤੱਕ ਕੋਈ ਫੋਰੈਂਸਿਕ ਪ੍ਰਮਾਣ ਨਹੀਂ ਮਿਲਿਆ ਜਿਸ 'ਚ ਇਹ ਸਾਬਿਤ ਕੀਤਾ ਜਾ ਸਕੇ ਕਿ ਖਾਸ਼ੋਜੀ ਦੀ ਲਾਸ਼ ਨੂੰ ਤੇਜ਼ਾਬ 'ਚ ਸੁੱਟਿਆ ਗਿਆ ਸੀ। ਆਕਤਾਇ ਨੇ ਹੁਰੀਅਤ ਨਾਂ ਦੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਉਨ੍ਹਾਂ ਖਾਸ਼ੋਜੀ ਦੀ ਲਾਸ਼ ਦੇ ਟੁਕੜੇ ਤੇਜ਼ਾਬ ਚ ਇਸ ਲਈ ਪਾਏ ਹੋਣਗੇ ਤਾਂ ਜੋ ਉਹ ਕਤਲ ਦੇ ਸਬੂਤ ਆਸਾਨੀ ਨਾਲ ਮਿਟਾ ਸਕਣ।

ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤਈਅਦ ਅਰਦੋਆਨ ਨੇ ਪਹਿਲੀ ਵਾਰ ਸਾਊਦੀ ਅਰਬ ਦੀ ਸਰਕਾਰ ’ਤੇ ਪੱਤਰਕਾਰ ਜਮਾਲ ਖਾਸ਼ੋਜੀ ਦੇ ਕਤਲ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ‘ਵਾਸ਼ਿੰਗਟਨ ਪੋਸਟ’ ਵਿੱਚ ਲਿਖੇ ਲੇਖ ਵਿੱਚ ਕਿਹਾ ਕਿ ਉਹ ਜਾਣਦੇ ਹਨ ਕਿ ਖਾਸ਼ੋਜੀ ਦੇ ਕਤਲ ਦਾ ਫੁਰਮਾਨ ਸਾਊਦੀ ਸਰਕਾਰ ਦੇ ਸਭਤੋਂ ਉਤਲੇ ਪੱਧਰ ਤੋਂ ਆਇਆ ਹੈ। ਹਾਲਾਂਕਿ ਉਨ੍ਹਾਂ ਤੁਰਕੀ ਨਾਲ ਸਊਦੀ ਦੇ ‘ਦੋਸਤਾਨਾ ਰਿਸ਼ਤਿਆਂ’ ’ਤੇ ਜ਼ੋਰ ਦਿੰਦੇ ਕਿਹਾ ਕਿ ਉਨ੍ਹਾਂ ਨੂੰ ਇਹ ਭਰੋਸਾ ਵੀ ਹੈ ਕਿ ਇਸ ਵਿੱਚ ਕਿੰਗ ਸਲਮਾਨ ਦੀ ਕੋਈ ਭੂਮਿਕਾ ਨਹੀਂ ਸੀ।

ਇਸ ਮਾਮਲੇ ਸਬੰਧੀ ਸਾਊਦੀ ਦੇ ਕ੍ਰਾਊਨ ਪ੍ਰਿੰਸ ਮੋਹੰਮਦ ਬਿਨ ਸਾਲਮਾਨ ਨੇ ਅਮਰੀਕਾ ਨੂੰ ਕਿਹਾ ਸੀ ਕਿ ਉਹ ਜਮਾਲ ਖਾਸ਼ੋਜੀ ਨੂੰ ਇੱਕ ‘ਖ਼ਤਰਨਾਕ ਇਸਲਾਮਵਾਦੀ’ ਮੰਨਦੇ ਹਨ। ਅਮਰੀਕੀ ਮੀਡੀਆ ਵਿੱਚ ਅਜਿਹਾ ਦਾਅਵਾ ਕੀਤਾ ਗਿਆ ਹੈ। ਪ੍ਰਿੰਸ ਮੋਹੰਮਦ ਨੇ  ਕਥਿਤ ਤੌਰ ’ਤੇ ਵ੍ਹਾਈਟ ਹਾਊਸ ਨੂੰ ਕੀਤੀ ਫੋਨ ਕਾਲ ਵਿੱਚ ਇਹ ਗੱਲ ਕਹੀ ਸੀ।

ਅਮਰੀਕੀ ਅਖ਼ਬਾਰ ‘ਦ ਵਾਸ਼ਿੰਗਟਨ ਪੋਸਟ’ ਤੇ ‘ਨਿਊਯਾਰਕ ਟਾਈਮਜ਼’ ਮੁਤਾਬਕ ਇਹ ਫੋਨ ਕਾਲ ਖਾਸ਼ੋਜੀ ਦੇ ਲਾਪਤਾ ਹੋਣ ਬਾਅਦ, ਪਰ ਸਾਊਦੀ ਵੱਲੋਂ ਉਨ੍ਹਾਂ ਦੇ ਕਤਲ ਦੀ ਗੱਲ ਸਵੀਕਾਰ ਕਰਨ ਤੋਂ ਪਹਿਲਾਂ ਕੀਤੀ ਗਈ ਸੀ। ਸਾਊਦੀ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ।