ਕਿਮ ਜੋਂਗ ਨੇ ਆਪਣੀ ਪ੍ਰਮਾਣੂ ਪ੍ਰਯੋਗਸ਼ਾਲਾ ਕੀਤੀ ਠੱਪ
ਏਬੀਪੀ ਸਾਂਝਾ | 24 May 2018 06:00 PM (IST)
ਪੁਰਾਣੀ ਤਸਵੀਰ
ਨਵੀਂ ਦਿੱਲੀ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਆਪਣੀ ਪੁੰਗੇ-ਰੀ ਵਿੱਚ ਸਥਿਤ ਪ੍ਰਮਾਣੂ ਪ੍ਰੀਖਣ ਪ੍ਰਯੋਗਸ਼ਾਲਾ ਨੂੰ ਪੂਰਨ ਤੌਰ 'ਤੇ ਬੰਦ ਕਰ ਦਿੱਤਾ ਹੈ। ਇਸ ਸਮੇਂ ਇੱਕ ਰਸਮੀ ਸਮਾਗਮ ਵੀ ਕਰਵਾਇਆ ਗਿਆ, ਜਿਸ ਵਿੱਚ ਕੁਝ ਪੱਤਰਕਾਰਾਂ ਨੇ ਵੀ ਸ਼ਿਰਕਤ ਕੀਤੀ ਸੀ। ਕਿਮ ਜੋਂਗ ਉਨ ਨੇ ਉੱਤਰੀ ਕੋਰੀਆ ਦੀਆਂ ਸਾਰੀਆਂ ਛੇ ਪ੍ਰਮਾਣੂ ਪ੍ਰੀਖਣ ਵਾਲੀਆਂ ਥਾਵਾਂ ਨੂੰ ਅੰਸ਼ਕ ਤੌਰ 'ਤੇ ਨਸ਼ਟ ਕਰ ਦਿੱਤਾ ਹੈ। ਇਨ੍ਹਾਂ ਦੇ ਵਰਤੋਂ ਵਿੱਚ ਨਾ ਰਹਿ ਜਾਣ ਸਬੰਧੀ ਰਿਪੋਰਟਾਂ ਆਈਆਂ ਹਨ। ਪਿਛਲੇ ਸਾਲ ਤੋਂ ਅਮਰੀਕਾ ਤੇ ਉੱਤਰੀ ਕੋਰੀਆ ਦਰਮਿਆਨ ਪ੍ਰਮਾਣੂੰ ਪ੍ਰੀਖਣ 'ਤੇ ਖਿੱਚੋਤਾਣ ਚੱਲੀ ਆ ਰਹੀ ਸੀ। ਇਸ 'ਤੇ ਅਮਰੀਕਾ ਨੇ ਕੋਰੀਆ ਉਤੇ ਕਈ ਕਿਸਮ ਦੀਆਂ ਰੋਕਾਂ ਵੀ ਲਾ ਦਿੱਤੀਆਂ ਸਨ। ਉੱਤਰੀ ਕੋਰੀਆ ਦੇ ਰਾਸ਼ਟਰਪਤੀ ਨੇ ਅਪ੍ਰੈਲ 2018 ਦੌਰਾਨ ਆਪਣੇ ਦੱਖਣ ਕੋਰਿਆਈ ਹਮਰੁਤਬਾ ਨਾਲ ਮੁਲਾਕਾਤ ਦੇ ਨਾਲ-ਨਾਲ ਪ੍ਰਮਾਣੂ ਪ੍ਰੀਖਣ ਰੋਕਣ ਦਾ ਐਲਾਨ ਕਰਕੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਇਸ 'ਤੇ ਅਮਰੀਕਾ ਨੇ ਵੀ ਖੁਸ਼ੀ ਜਤਾਈ ਸੀ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਂ ਕਥਿਤ ਤੌਰ 'ਤੇ ਸ਼ਾਂਤੀ ਲਈ ਨੋਬੇਲ ਪੁਰਸਕਾਰ ਲਈ ਵੀ ਸਿਫਾਰਸ਼ ਵੀ ਕੀਤੀ ਗਈ ਸੀ।