ਸਿਓਲ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੌਂਗ ਉਨ ਨੇ ਆਪਣੇ ਦੇਸ਼ ਦੇ ਤਾਜ਼ਾ ਮਿਸਾਈਲ ਤੇ ਹਥਿਆਰਾਂ ਦੇ ਪ੍ਰੀਖਣਾਂ ਬਾਰੇ ਚੁੱਪ ਤੋੜ ਦਿੱਤੀ ਹੈ। ਖ਼ਬਰ ਏਜੰਸੀ ਕੇਸੀਐਨਏ ਮੁਤਾਬਕ ਕਿਮ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਪ੍ਰੀਖਣ ਅਮਰੀਕਾ ਤੇ ਦੱਖਣੀ ਕੋਰੀਆ ਲਈ ਇੱਕ ਤਰ੍ਹਾਂ ਦੀ ਚੇਤਾਵਨੀ ਹਨ।


ਕਿਮ ਨੇ ਦੋਵਾਂ ਦੇਸ਼ਾਂ ਦੇ ਸਾਂਝੇ ਅਭਿਆਸ ਨੂੰ ਉੱਤਰੀ ਕੋਰੀਆ ਨਾਲ ਹੋਏ ਸਮਝੌਤਿਆਂ ਦੀ ਉਲੰਘਣਾ ਕਰਾਰ ਦਿੱਤਾ। ਦੱਸ ਦੇਈਏ ਸੋਮਵਾਰ ਨੂੰ ਅਮਰੀਕਾ ਤੇ ਦੱਖਣੀ ਕੋਰੀਆ ਦੇ ਜੰਗੀ ਅਭਿਆਸ ਸ਼ੁਰੂ ਸੀ। ਦੱਖਣੀ ਕੋਰੀਆ ਦੇ ਜੌਇੰਟ ਚੀਫ ਆਫ ਸਟਾਫ ਨੇ ਕਿਹਾ ਕਿ ਉੱਤਰ ਕੋਰੀਆ ਨੇ ਘੱਟ ਦੂਰੀ ਦੀਆਂ ਬੈਲਿਸਟਿਕ ਮਿਸਾਈਲਾਂ ਦਾਗੀਆਂ ਸੀ।


ਕਿਮ ਨੇ ਮੰਗਲਵਾਰ ਨੂੰ ਇਸ ਪ੍ਰੀਖਣ ਦੀ ਨਿਗਰਾਨੀ ਕੀਤੀ ਸੀ। ਬੀਤੇ ਦੋ ਹਫ਼ਤਿਆਂ ਵਿੱਚ ਉਨ੍ਹਾਂ ਵੱਲੋਂ ਹਥਿਆਰਾਂ ਦਾ ਇਹ ਚੌਥਾ ਪ੍ਰੀਖਣ ਹੈ। ਇਸ ਨੂੰ ਦੱਖਣੀ ਕੋਰੀਆ ਤੇ ਅਮਰੀਕਾ ਦੇ ਜੰਗੀ ਅਭਿਆਸ ਖ਼ਿਲਾਫ਼ ਧਮਕੀ ਵਜੋਂ ਵੇਖਿਆ ਜਾ ਰਿਹਾ ਹੈ। ਇਸ ਸਭ ਨਾਲ ਅਮਰੀਕਾ ਤੇ ਉੱਤਰ ਕੋਰੀਆ ਵਿਚਾਲੇ ਪਰਮਾਣੂ ਵਾਰਤਾ ਨੂੰ ਖ਼ਤਰਾ ਹੋ ਸਕਦਾ ਹੈ।