India China Border Tension: ਪੂਰਬੀ ਲੱਦਾਖ 'ਚ ਭਾਰਤ ਤੇ ਚੀਨ ਦੇ ਵਿਚ ਤਣਾਅ ਘੱਟ ਕਰਨ ਦੀ ਦਿਸ਼ਾ 'ਚ ਹਾਲ ਹੀ 'ਚ ਹੋਈ ਕੌਪਰਸ ਕਮਾਂਡਰ ਪੱਧਰ ਦੀ ਵਾਰਤਾ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਦੇ ਜਵਾਨ ਗੋਗਰਾ ਪੈਟਰੋਲਿੰਗ ਪੁਆਇੰਟ-17A ਤੋਂ ਪਿੱਛੇ ਹਟ ਗਏ ਹਨ। ਦੋਵੇਂ ਦੇਸ਼ਾਂ ਦੇ ਵਿਚ 12ਵੇਂ ਦੌਰ ਦੀ ਫੌਜੀ ਪੱਧਰ ਦੀ ਗੱਲਬਾਤ 'ਚ ਇਸ 'ਤੇ ਸਹਿਮਤੀ ਬਣੀ ਸੀ। ਭਾਰਤੀ ਫੌਜ ਵੱਲੋਂ ਸ਼ੁੱਕਰਵਾਰ ਇਸ ਬਾਰੇ ਜਾਣਕਾਰੀ ਦਿੱਤੀ ਗਈ।


ਫੌਜ ਵੱਲੋਂ ਇਹ ਕਿਹਾ ਗਿਆ ਕਿ ਚੀਨ ਦੇ ਵਿਚ ਸ਼ਨੀਵਾਰ 12ਵੇਂ ਦੌਰ ਦੀ ਫੌਜੀ ਵਾਰਤਾ ਦੇ ਨਤੀਜੇ ਵਜੋਂ ਦੋਵੇਂ ਪੱਖ ਪੂਰਬੀ ਲੱਦਾਖ 'ਚ ਗੋਗਰਾ ਇਲਾਕੇ ਤੋਂ ਫੌਜ ਹਟਾਉਣ 'ਤੇ ਸਹਿਮਤ ਹੋਏ ਹਨ। ਦੋਵਾਂ ਪੱਖਾਂ ਵੱਲੋਂ ਬਣਾਏ ਅਸਥਾਈ ਢਾਂਚੇ, ਹੋਰ ਨਿਰਮਾਣ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਤੇ ਰਵਾਇਤੀ ਤਰੀਕੇ ਨਾਲ ਸਥਾਪਿਤ ਕੀਤਾ ਗਿਆ ਹੈ। ਭਾਰਤੀ ਤੇ ਚੀਨੀ ਪੱਖ ਨੇ ਗੋਗਰਾ 'ਚ ਮੋਰਚਿਆਂ 'ਤੇ ਫੌਜ ਦੀ ਤਾਇਨਾਤੀ ਨੂੰ ਗੇੜਬੱਧ ਤੇ ਤਸਦੀਕਸ਼ੁਦਾ ਤਰੀਕੇ ਨਾਲ ਰੋਕਿਆ ਹੈ।


ਭਾਰਤੀ ਫੌਜ ਨੇ ਅੱਗੇ ਕਿਹਾ-ਗੋਗਰਾ 'ਚ ਦੋਵਾਂ ਪੱਖਾਂ ਨੇ ਸਮਝੌਤਿਆਂ 'ਚ ਇਹ ਤੈਅ ਕੀਤਾ ਹੈ ਕਿ ਇਸ ਇਲਾਕੇ 'ਚ ਅਸਲ ਕੰਟਰੋਲ ਰੇਖਾ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ ਤੇ ਦੋਵਾਂ ਪੱਖਾਂ ਵੱਲੋਂ ਸਨਮਾਨ ਕੀਤਾ ਜਾਵੇ।






ਭਾਰਤੀ ਫੌਜ ਨੇ ਕਿਹਾ ਕਿ ਭਾਰਤ ਤੇ ਚੀਨ, ਦੋਵਾਂ ਦੇਸ਼ਾਂ ਨੇ ਵਾਰਤਾ ਨੂੰ ਅੱਗੇ ਵਧਾਉਣ ਤੇ ਪੂਰਬੀ ਲੱਦਾਖ 'ਚ ਐਲਏਸੀ 'ਤੇ ਬਾਕੀ ਮੁੱਦਿਆਂ ਦਾ ਹੱਲ ਕਰਨ ਦੀ ਵਚਨਬੱਧਤਾ ਜਤਾਈ ਹੈ। ਭਾਰਤੀ ਥਲ ਸੈਨਾ, ਭਾਰਤ ਤਿੱਬਤ ਸੀਮਾ ਪੁਲਿਸ ਦੇ ਨਾਲ ਰਾਸ਼ਟਰ ਦੀ ਪ੍ਰਭੂਸੱਤਾ ਬਣਾਈ ਰੱਖਣ ਤੇ ਪੂਰਬੀ ਲੱਦਾਖ 'ਚ ਐਲਏਸੀ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਵਚਨਬੱਧ ਹੈ।


ਜ਼ਿਕਰਯੋਗ ਹੈ ਕਿ ਪਿਛਲੀ ਬੈਠਕ 'ਚ ਚੀਨ ਨੇ ਪੈਂਗੋਂਗ ਤਸੋ ਇਲਾਕੇ ਨੂੰ ਛੱਡ ਕੇ ਕਿਸੇ ਦੂਜੇ ਇਲਾਕੇ 'ਚ ਵਿਵਾਦ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਦੇ ਵਿਚ ਹੋਈ ਬੈਠਕ ਤੋਂ ਬਾਅਦ ਫੌਜੀ ਕਮਾਂਡਰਾਂ ਦੀ ਮੀਟਿੰਗ 'ਤੇ ਸਹਿਮਤੀ ਬਣੀ ਸੀ। ਇਸ ਤੋਂ ਬਾਅਦ ਸ਼ਨੀਵਾਰ ਹੋਈ ਬੈਠਕ ਤੋਂ ਬਾਅਦ ਗੋਗਰਾ ਪੈਟਰੋਲਿੰਗ ਪੁਆਂਇੰਟ-17A ਤੋਂ ਦੋਵਾਂ ਦੇਸ਼ਾਂ ਦੇ ਜਵਾਨ ਪਿੱਛੇ ਹਟ ਗਏ ਹਨ।