ਸਿਓਲ : ਉੱਤਰੀ ਕੋਰੀਆ ਦੇ ਪਰਮਾਣੂ ਪ੍ਰੀਖਣ ਵਾਲੀ ਥਾਂ ਦੇ ਨਜ਼ਦੀਕ ਹਾਲੀਆ ਦਿਨਾਂ 'ਚ ਭੂਚਾਲ ਦੇ ਲਗਾਤਾਰ ਝਟਕੇ ਤੇ ਜ਼ਮੀਨੀ ਖਿਸਕਾਅ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਸ਼ੁੱਕਰਵਾਰ ਨੂੰ ਵੀ ਖੇਤਰ 'ਚ 2.7 ਦੀ ਤੀਬਰਤਾ ਦਾ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ।


ਭੂਚਾਲ ਦੇ ਤਾਜ਼ਾ ਝਟਕੇ ਨਾਲ ਇਹ ਸ਼ੱਕ ਵਧ ਗਿਆ ਹੈ ਕਿ ਤਿੰਨ ਸਤੰਬਰ ਨੂੰ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੀਖਣ ਨਾਲ ਇਲਾਕੇ ਦੇ ਭੂ-ਗਰਭ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਨਾਲ ਡੂੰਘਾਈ 'ਚ ਮੌਜੂਦ ਪਲੇਟਾਂ ਨੁਕਸਾਨੀਆਂ ਗਈਆਂ ਹਨ ਤੇ ਜਦੋਂ ਉਹ ਖ਼ੁਦ ਨੂੰ ਤਰਤੀਬ 'ਚ ਕਰ ਰਹੀਆਂ ਹਨ ਤਾਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ ਜਾਂ ਜ਼ਮੀਨੀ ਖਿਸਕਾਅ ਹੋ ਰਿਹਾ ਹੈ। ਤਿੰਨ ਸਤੰਬਰ ਨੂੰ ਉੱਤਰੀ ਕੋਰੀਆ ਨੇ ਜੋ ਪਰਮਾਣੂ ਪ੍ਰੀਖਣ ਕੀਤਾ ਸੀ ਉਸ ਨਾਲ ਇਲਾਕੇ 'ਚ 6.3 ਤੀਬਰਤਾ ਦਾ ਭੂਚਾਲ ਦਾ ਝਟਕਾ ਲੱਗਾ ਸੀ।

ਉੱਤਰੀ ਕੋਰੀਆ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕੀਤਾ, ਜੋ ਪਰਮਾਣੂ ਬੰਬ ਦੀ ਤੁਲਨਾ 'ਚ ਸੌ ਗੁਣਾ ਜ਼ਿਆਦਾ ਤਾਕਤਵਰ ਹੁੰਦਾ ਹੈ। ਇਸ ਅੰਡਰਗਰਾਉਂਡ ਧਮਾਕੇ ਦੀ ਤਾਕਤ ਨੂੰ ਲੈ ਕੇ ਵੀ ਕਈ ਅਨੁਮਾਨ ਸਾਹਮਣੇ ਆ ਚੁੱਕੇ ਹਨ। ਇਸ ਨੂੰ ਕਿੱਲੋਟਨ ਦੀ ਸਮਰੱਥਾ ਦਾ ਵੀ ਮੰਨਿਆ ਗਿਆ ਹੈ, ਜੋ ਜਾਪਾਨ 'ਚ ਸੁੱਟੇ ਗਏ ਪਰਮਾਣੂ ਬੰਬਾਂ ਤੋਂ 20 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਸੀ।

ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਧਮਾਕਾ ਦੁਨੀਆ 'ਚ ਹੋਇਆ ਸਭ ਤੋਂ ਤਾਕਤਵਰ ਨਕਲੀ ਧਮਾਕਾ ਸੀ। ਇਸੇ ਕਾਰਨ ਉੱਤਰੀ ਕੋਰੀਆ ਦੇ ਪੁੰਗੇ-ਰੀ ਪ੫ੀਖਣ ਵਾਲੀ ਥਾਂ ਦੀ ਜ਼ਮੀਨ ਨੂੰ ਭਾਰੀ ਨੁਕਸਾਨ ਹੋਇਆ ਹੈ। ਮਾਹਿਰਾਂ ਮੁਤਾਬਿਕ ਇਹ ਜ਼ਮੀਨ ਹੁਣ ਹੋਰ ਪਰਮਾਣੂ ਪ੫ੀਖਣ ਦੇ ਲਾਇਕ ਨਹੀਂ ਬਚੀ ਹੈ।