ਟੋਰੰਟੋ: ਕੈਨੇਡਾ ਦੇ ਪੂਰਬੀ ਬਰੈਂਪਟਨ ਤੋਂ ਸੰਸਦ ਮੈਂਬਰ ਰਾਜ ਗਰੇਵਾਲ ਦੀਆਂ ਮੁਸੀਬਤਾਂ ਅਸਤੀਫ਼ਾ ਦੇਣ ਤੋਂ ਬਾਅਦ ਵੀ ਘਟਦੀਆਂ ਵਿਖਾਈ ਨਹੀਂ ਦੇ ਰਹੀਆਂ। ਗਰੇਵਾਲ ਦੇ ਜੂਏ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦੀ ਪੜਤਾਲ ਹੁਣ ਕਾਲਾ ਧਨ ਤੇ ਦਹਿਸ਼ਤੀ ਗਤੀਵਿਧੀਆਂ ਨੂੰ ਵਿੱਤੀ ਸਹਾਇਤਾ ਦੇਣ ਤਕ ਫੈਲ ਗਈ ਹੈ। ਕੁਝ ਫ਼ੋਨ ਟੈਪਿੰਗ ਯਾਨੀ ਵਾਇਰਟੇਪਸ ਮਿਲਣ ਤੋਂ ਬਾਅਦ ਪੁਲਿਸ ਦੀ ਜਾਂਚ ਦਾ ਦਾਇਰਾ ਵੱਡਾ ਹੋ ਗਿਆ ਹੈ।


'ਦ ਕੈਨੇਡੀਅਨ ਪ੍ਰੈੱਸ' ਮੁਤਾਬਕ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਨਸ਼ਾ ਤਸਕਰੀ ਤੋਂ ਕਾਲਾ ਧਨ ਇਕੱਠਾ ਕਰਨ ਵਾਲੇ ਕੁਝ ਅਪਰਾਧੀ ਕਿਸਮ ਦੇ ਲੋਕਾਂ ਦੀ ਜਾਂਚ ਕਰ ਰਹੀ ਓਂਟਾਰੀਓ ਪ੍ਰੋਵੈਂਸ਼ੀਅਲ ਪੁਲਿਸ ਨੂੰ ਗਰੇਵਾਲ ਦੇ ਜੂਏ ਸਬੰਧੀ ਕੁਝ ਸੁਰਾਗ ਮਿਲੇ ਗਨ। ਇਨ੍ਹਾਂ ਵਾਇਟਰਟੇਪਸ 'ਚ ਯੋਜਨਾਬੱਧ ਤਰੀਕੇ ਨਾਲ ਕੀਤੇ ਜੁਰਮ ਤੇ ਦਹਿਸ਼ਤੀ ਗਤੀਵਿਧੀਆਂ ਦੀ ਜਾਂਚ ਵਿੱਚ ਮੁਲਜ਼ਮ ਉਨ੍ਹਾਂ 'ਤੇ ਜੂਏ ਕਾਰਨ ਚੜ੍ਹੇ ਕਰਜ਼ ਬਾਰੇ ਵੀ ਗੱਲਬਾਤ ਕਰ ਰਹੇ ਹਨ। ਪੁਲਿਸ ਇਨ੍ਹਾਂ ਵਾਇਟਰਟੇਪਸ ਦੇ ਤਾਰ ਰਾਜ ਗਰੇਵਾਲ ਨਾਲ ਵੀ ਜੋੜ ਕੇ ਦੇਖ ਰਹੀ ਹੈ।

ਜ਼ਿਕਰਯੋਗ ਹੈ ਕਿ ਪੇਸ਼ੇ ਵਜੋਂ ਵਕੀਲ ਤੇ ਸੰਸਦ ਮੈਂਬਰ ਰਾਜ ਗਰੇਵਾਲ ਨੇ ਹਾਲ ਹੀ 'ਚ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਨੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਜੂਏ ਦੀ ਸਮੱਸਿਆ ਕਾਰਨ ਸੰਸਦ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜੂਏ ਦੇ ਚੱਲਦਿਆਂ ਉਹ ਕਰਜ਼ਦਾਰ ਵੀ ਹਨ। ਫੈਡਰਲ ਐਥਿਕਸ ਕਮਿਸ਼ਨਰ ਨੇ ਮਈ ਮਹੀਨੇ ਤੋਂ ਗਰੇਵਾਲ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਸੀ ਜੋ ਹੁਣ ਅੱਗੇ ਪੁਲਿਸ ਕਰ ਰਹੀ ਹੈ।