London Tommy Robinson Rally: ਬ੍ਰਿਟੇਨ ਦੇ ਕੱਟਰਪੰਥੀ ਨੇਤਾ ਟੌਮੀ ਰੌਬਿਨਸਨ ਵੱਲੋਂ ਆਯੋਜਿਤ ‘ਯੂਨਾਈਟ ਦ ਕਿੰਗਡਮ’ ਮਾਰਚ ਵਿੱਚ ਸ਼ਨੀਵਾਰ ਯਾਨੀਕਿ 13 ਸਤੰਬਰ ਨੂੰ ਇੱਕ ਲੱਖ ਤੋਂ ਵੱਧ ਲੋਕ ਸ਼ਾਮਲ ਹੋਏ। ਪਰ ਰੈਲੀ ਦੌਰਾਨ ਉਸ ਵੇਲੇ ਹਿੰਸਾ ਭੜਕ ਉੱਠੀ, ਜਦੋਂ ਰੌਬਿਨਸਨ ਸਮਰਥਕਾਂ ਦਾ ਇੱਕ ਸਮੂਹ ਪੁਲਿਸ ਅਤੇ ਵਿਰੋਧ ਪ੍ਰਦਰਸ਼ਨਕਾਰੀਆਂ ਨਾਲ ਭਿੜ ਗਿਆ। ਪੁਲਿਸ ‘ਤੇ ਬੋਤਲਾਂ ਸੁੱਟੀਆਂ ਗਈਆਂ, ਕਈ ਅਫਸਰਾਂ ਨੂੰ ਮੁੱਕੇ ਤੇ ਲਾਤਾਂ ਮਾਰੀਆਂ ਗਈਆਂ। ਹਾਲਾਤ ਵਿਗੜਣ ‘ਤੇ ਦੰਗਾ-ਰੋਧੀ ਦਸਤਾ ਤੈਨਾਤ ਕਰਨਾ ਪਿਆ।
ਪੁਲਿਸਕਰਮੀਆਂ ‘ਤੇ ਹਮਲਾ, 26 ਜ਼ਖਮੀ
ਮੈਟਰੋਪੋਲਿਟਨ ਪੁਲਿਸ ਦੇ ਮੁਤਾਬਕ, 26 ਪੁਲਿਸਕਰਮੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਚਾਰ ਗੰਭੀਰ ਤੌਰ ‘ਤੇ ਜਖਮੀ ਹਨ। ਕਿਸੇ ਦੀ ਨੱਕ ਟੁੱਟ ਗਈ, ਕਿਸੇ ਦੇ ਦੰਦ, ਜਦਕਿ ਇੱਕ ਅਧਿਕਾਰੀ ਨੂੰ ਰੀੜ੍ਹ ਦੀ ਹੱਡੀ ਦੀ ਸੱਟ ਆਈ। ਇਸ ਹਿੰਸਾ ਵਿੱਚ ਸ਼ਾਮਲ ਹੁਣ ਤੱਕ 25 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।
“ਕਈ ਲੋਕ ਸਿਰਫ਼ ਹਿੰਸਾ ਕਰਨ ਆਏ ਸਨ”
ਇਸ ਮਾਮਲੇ ਵਿੱਚ ਅਸਿਸਟੈਂਟ ਕਮਿਸ਼ਨਰ ਮੈਟ ਟਵਿਸਟ ਨੇ ਕਿਹਾ, “ਬਹੁਤ ਲੋਕ ਸ਼ਾਂਤੀਪੂਰਵਕ ਆਏ ਸਨ, ਪਰ ਵੱਡੀ ਗਿਣਤੀ ਵਿੱਚ ਲੋਕ ਹਿੰਸਾ ਫੈਲਾਉਣ ਦੀ ਨੀਅਤ ਨਾਲ ਪਹੁੰਚੇ ਸਨ। ਉਨ੍ਹਾਂ ਨੇ ਪੁਲਿਸ ‘ਤੇ ਹਮਲਾ ਕੀਤਾ ਅਤੇ ਸੁਰੱਖਿਆ ਘੇਰੇ ਨੂੰ ਤੋੜਣ ਦੀ ਕੋਸ਼ਿਸ਼ ਕੀਤੀ।”
ਭੀੜ ਉਮੀਦ ਤੋਂ ਵੱਧ, ਜਵਾਬੀ ਪ੍ਰਦਰਸ਼ਨ ਵੀ ਹੋਇਆ
ਰੈਲੀ ਵਿੱਚ 1 ਲੱਖ 10 ਹਜ਼ਾਰ ਤੋਂ 1 ਲੱਖ 50 ਹਜ਼ਾਰ ਲੋਕ ਸ਼ਾਮਲ ਹੋਏ, ਜਦਕਿ ਇਸ ਦੇ ਜਵਾਬ ਵਿੱਚ “ਮਾਰਚ ਅਗੇਨਸਟ ਫਾਸਿਜ਼ਮ” ਨਾਮ ਦੀ ਰੈਲੀ ਵਿੱਚ ਕਰੀਬ 5,000 ਲੋਕ ਇਕੱਠੇ ਹੋਏ। ਉੱਥੇ ਲੋਕਾਂ ਨੇ “ਸ਼ਰਣਾਰਥੀਆਂ ਦਾ ਸਵਾਗਤ ਹੈ” ਅਤੇ “ਫਾਰ ਰਾਈਟ ਨੂੰ ਖਤਮ ਕਰੋ” ਵਰਗੇ ਨਾਰੇ ਲਗਾਏ।
ਨੇਤਾਵਾਂ ਅਤੇ ਮਸ਼ਹੂਰ ਹਸਤੀਆਂ ਦੀ ਪ੍ਰਤੀਕ੍ਰਿਆ
ਫਰਾਂਸ ਦੇ ਫਾਰ-ਰਾਈਟ ਨੇਤਾ ਐਰਿਕ ਜ਼ੇਮੂਰ ਨੇ ਕਿਹਾ ਕਿ ਯੂਰਪ ‘ਤੇ ਮੁਸਲਿਮ ਦੇਸ਼ਾਂ ਵੱਲੋਂ ਨਵ-ਉਪਨਿਵੇਸ਼ ਹੋ ਰਿਹਾ ਹੈ। ਇਸੇ ਦੌਰਾਨ, ਐਲਨ ਮਸਕ ਨੇ ਵੀਡੀਓ ਸੁਨੇਹਾ ਭੇਜ ਕੇ ਬ੍ਰਿਟੇਨ ਦੀ ਲੈਫ਼ਟ-ਲੀਨਿੰਗ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਬੇਕਾਬੂ ਪਰਵਾਸ ਬ੍ਰਿਟੇਨ ਨੂੰ ਖਤਮ ਕਰ ਰਿਹਾ ਹੈ।
ਚਾਰਲੀ ਕਿਰਕ ਨੂੰ ਦਿੱਤੀ ਸ਼ਰਧਾਂਜਲੀ
ਰੈਲੀ ਵਿੱਚ ਅਮਰੀਕੀ ਦੱਖਣਪੰਥੀ ਐਕਟਿਵਿਸਟ ਚਾਰਲੀ ਕਿਰਕ ਨੂੰ ਵੀ ਯਾਦ ਕੀਤਾ ਗਿਆ। ਉਨ੍ਹਾਂ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਬੈਗਪਾਈਪਰ ਨੇ “ਅਮੇਜ਼ਿੰਗ ਗਰੇਸ” ਦੀ ਧੁਨ ਵਜਾਈ।
ਟੌਮੀ ਰੌਬਿਨਸਨ ਅਤੇ ਸਮਰਥਕਾਂ ਦੇ ਨਾਰੇ
ਰੌਬਿਨਸਨ (ਅਸਲ ਨਾਮ ਸਟੀਫ਼ਨ ਯੈਕਸਲੇ-ਲੇਨਨ) ਇੰਗਲਿਸ਼ ਡਿਫੈਂਸ ਲੀਗ ਦੇ ਸੰਸਥਾਪਕ ਹਨ ਅਤੇ ਬ੍ਰਿਟੇਨ ਦੇ ਸਭ ਤੋਂ ਵੱਡੇ ਫਾਰ-ਰਾਈਟ ਚਿਹਰਿਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਉਨ੍ਹਾਂ ਦੇ ਸਮਰਥਕਾਂ ਨੇ “ਸਟਾਪ ਦ ਬੋਟਸ”, “ਸੈਂਡ ਦੇਮ ਹੋਮ” ਅਤੇ “ਵੀ ਵਾਂਟ ਆਵਰ ਕੰਟਰੀ ਬੈਕ” ਵਰਗੇ ਨਾਰੇ ਲਗਾਏ।
ਨੇਪਾਲ ਅਤੇ ਫ਼ਰਾਂਸ ਵਿੱਚ ਰਾਜਨੀਤਿਕ ਉਥਲ-ਪੁਥਲ
ਨੇਪਾਲ ਅਤੇ ਫ਼ਰਾਂਸ ਵਿੱਚ ਹਾਲ ਹੀ ਵਿੱਚ ਵੱਡੇ ਪੱਧਰ 'ਤੇ ਰਾਜਨੀਤਿਕ ਅਤੇ ਸਮਾਜਿਕ ਉਥਲ-ਪੁਥਲ ਦੇ ਦ੍ਰਿਸ਼ ਨਜ਼ਰ ਆਏ ਹਨ। ਨੇਪਾਲ ਵਿੱਚ ਨੌਜਵਾਨ ਅੰਦੋਲਨਕਾਰੀਆਂ ਨੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਰਾਜਸ਼ਾਹੀ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਫ਼ਰਾਂਸ ਵਿੱਚ ਵਿਵਾਦਾਸਪਦ ਕਾਨੂੰਨਾਂ ਅਤੇ ਆਰਥਿਕ ਨੀਤੀਆਂ ਦੇ ਵਿਰੋਧ 'ਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਅਤੇ ਸੜਕ ਹਿੰਸਾ ਦੀਆਂ ਖ਼ਬਰਾਂ ਸਾਹਮਣੇ ਆਈਆਂ। ਦੋਵੇਂ ਦੇਸ਼ਾਂ ਵਿੱਚ ਪ੍ਰਦਰਸ਼ਨ ਸ਼ਾਂਤੀਪੂਰਨ ਤਰੀਕੇ ਨਾਲ ਸ਼ੁਰੂ ਹੋਣ ਦੇ ਬਾਵਜੂਦ ਹਿੰਸਕ ਹੋ ਗਏ, ਜਿਨ੍ਹਾਂ 'ਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਹੋਈਆਂ, ਸੰਪਤੀ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਲੋਕ ਜ਼ਖ਼ਮੀ ਹੋਏ।