ਮਹਿਤਾਬ-ਉਦ-ਦੀਨ
ਚੰਡੀਗੜ੍ਹ: ਕੈਨੇਡਾ ਦੇ 146 ਸਾਲਾ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਗ਼ੈਰ ਗੋਰਾ ਸੁਪਰੀਮ ਕੋਰਟ ਦਾ ਜਸਟਿਸ ਨਿਯੁਕਤ ਕੀਤਾ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਸਟਿਸ ਮਹਿਮੂਦ ਜਮਾਲ ਨੂੰ ਦੇਸ਼ ਦੀ ਸਰਬਉੱਚ ਅਦਾਲਤ ਦਾ ਜੱਜ ਨਿਯੁਕਤ ਕੀਤਾ ਹੈ।
ਖ਼ੁਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਟਵਿਟਰ ਸੰਦੇਸ਼ ਵਿੱਚ ਕਿਹਾ ਹੈ ਕਿ ਜਸਟਿਸ ਮਹਿਮੂਦ ਜਮਾਲ ਕੈਨੇਡੀਅਨ ਸੁਪਰੀਮ ਕੋਰਟ ਲਈ ਇੱਕ ਵਡਮੁੱਲੀ ਸੰਪਤੀ ਸਿੱਧ ਹੋਣਗੇ। ਇਸੇ ਲਈ ਮੈਂ ਆਪਣੇ ਦੇਸ਼ ਦੀ ਸਰਬਉੱਚ ਅਦਾਲਤ ਵਿੱਚ ਉਨ੍ਹਾਂ ਦੀ ਇਤਿਹਾਸਕ ਨਾਮਜ਼ਦਗੀ ਕਰਦਾ ਹਾਂ।
ਜਸਟਿਸ ਮਹਿਮੂਦ ਜਮਾਲ ਦਾ ਜਨਮ 1967 ’ਚ ਕੀਨੀਆ ਦੇਸ਼ ਦੀ ਰਾਜਧਾਨੀ ਨੈਰੋਬੀ ’ਚ ਵੱਸਦੇ ਇੱਕ ਭਾਰਤੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੀ ਜ਼ਿਆਦਾਤਰ ਪਰਵਰਿਸ਼ ਇੰਗਲੈਂਡ ’ਚ ਹੋਈ ਤੇ 1981 ’ਚ ਉਨ੍ਹਾਂ ਦਾ ਪਰਿਵਾਰ ਕੈਨੇਡਾ ਆ ਗਿਆ ਸੀ।
ਇਸ ਤੋਂ ਪਹਿਲਾਂ ਕਦੇ ਵੀ ਕਿਸੇ ਗ਼ੈਰ ਗੋਰੇ ਨੂੰ ਕੈਨੇਡੀਅਨ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਨਹੀਂ ਕੀਤਾ ਗਿਆ ਭਾਵ ਹੁਣ ਤੱਕ ਕੋਈ ਗੋਰਾ ਵਿਅਕਤੀ ਹੀ ਇਹ ਵੱਕਾਰੀ ਅਹੁਦਾ ਹਾਸਲ ਕਰਦਾ ਰਿਹਾ ਹੈ; ਇਸ ਲਈ ਇਸ ਨੂੰ ਜਸਟਿਨ ਟਰੂਡੋ ਦਾ ਇਤਿਹਾਸਕ ਫ਼ੈਸਲਾ ਆਖਿਆ ਜਾਵੇਗਾ। DW.COM ਦੀ ਰਿਪੋਰਟ ਅਨੁਸਾਰ ਉਂਝ ਹਾਲੇ ਜਸਟਿਸ ਮਹਿਮੂਦ ਜਮਾਲ ਦੀ ਨਿਯੁਕਤੀ ਦੀ ਪੁਸ਼ਟੀ ਹਾਊਸ ਆਫ਼ ਕੌਮਨਜ਼ (ਸੰਸਦ ਦੇ ਹੇਠਲੇ ਸਦਨ) ਦੀ ਨਿਆਂਇਕ ਮਾਮਲਿਆਂ ਦੀ ਕਮੇਟੀ ਵੱਲੋਂ ਕੀਤੀ ਜਾਣੀ ਹੈ।
ਸੂਤਰਾਂ ਅਨੁਸਾਰ ਸੰਸਦੀ ਕਮੇਟੀ ਦੀ ਪੁਸ਼ਟੀ ਹੁਣ ਸਿਰਫ਼ ਇੱਕ ਰਸਮੀ ਕਾਰਵਾਈ ਹੈ ਕਿਉਂਕਿ ਇਹ ਕਮੇਟੀ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਇਸ ਨਿਯੁਕਤੀ ਦਾ ਕੋਈ ਵਿਰੋਧ ਨਹੀਂ ਕਰੇਗੀ। ਸੰਸਦ ਮੈਂਬਰ ਜੂਲੀ ਜ਼ੇਰੋਵਿਕਜ਼ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਮਹਿਮੂਦ ਜਮਾਲ ਦਾ ਨਿਆਂਇਕ ਖੇਤਰ ਵਿੱਚ ਕਰੀਅਰ ਬੇਹੱਦ ਵਿਲੱਖਣ ਰਿਹਾ ਹੈ।
3 ਕਰੋੜ 80 ਲੱਖ ਦੀ ਆਬਾਦੀ ਵਾਲੇ ਦੇਸ਼ ਕੈਨੇਡਾ ’ਚ ਹਰੇਕ ਚੌਥਾ ਵਿਅਕਤੀ (25%) ਕਿਸੇ ਘੱਟ-ਗਿਣਤੀ ਨਾਲ ਸਬੰਧਤ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਈ ਵਾਰ ਆਖ ਚੁੱਕੇ ਹਨ ਕਿ ਉਹ ਇਸ ਦੇਸ਼ ਵਿੱਚ ਭੇਦਭਾਵ ਜਾਂ ਪੱਖਪਾਤ ਦਾ ਕਿਤੇ ਕੋਈ ਨਾਮ-ਨਿਸ਼ਾਨ ਬਾਕੀ ਨਹੀਂ ਰਹਿਣ ਦੇਣਗੇ।
ਜਸਟਿਸ ਮਹਿਮੂਦ ਜਮਾਲ ਸਾਲ 2019 ਤੋਂ ਓਂਟਾਰੀਓ ਸੂਬੇ ਦੀ ਕੋਰਟ ਆਫ਼ ਅਪੀਲ ਦੇ ਜਸਟਿਸ ਹਨ। ਇਸ ਤੋਂ ਪਹਿਲਾਂ ਉਹ ਕੈਨੇਡਾ ਦੇ ਚੋਟੀ ਦੇ ਦੋ ਲਾਅ ਸਕੂਲਾਂ ਵਿੱਚ ਨਿਆਂ/ਕਾਨੂੰਨ ਵਿਸ਼ੇ ਦੇ ਅਧਿਆਪਕ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਦਹਾਕੇ ਵਕੀਲ ਵਜੋਂ ਵੀ ਵਿਚਰ ਚੁੱਕੇ ਹਨ।
ਇਹ ਵੀ ਪੜ੍ਹੋ: ਨਕਲੀ ਸ਼ਰਾਬ ਫੈਕਟਰੀ ਦੇ ਬੀਜੇਪੀ ਲੀਡਰਾਂ ਨਾਲ ਜੁੜੇ ਤਾਰ, ਵੱਡੇ ਪੱਧਰ 'ਤੇ ਤਿਆਰ ਹੋ ਰਹੀ ਸੀ ਸ਼ਰਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin