PM Modi Maldives Visit: ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੇ ਸਾਲੇ ਤੇ ਸਲਾਫੀ ਜਮੀਅਤ ਦੇ ਨੇਤਾ ਸ਼ੇਖ ਅਬਦੁੱਲਾ ਬਿਨ ਮੁਹੰਮਦ ਇਬਰਾਹਿਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਤਵਾਦੀ ਕਿਹਾ ਹੈ। ਸ਼ੇਖ ਅਬਦੁੱਲਾ ਨੇ ਪੀਐਮ ਮਦੀ 'ਤੇ ਬਾਬਰੀ ਮਸਜਿਦ ਢਾਹੁਣ ਦਾ ਦੋਸ਼ ਲਾਇਆ ਹੈ। ਮਾਲਦੀਵ ਦੇ ਅਖਬਾਰ ਅਧਾਧੂ ਦੀ ਇੱਕ ਰਿਪੋਰਟ ਅਨੁਸਾਰ ਵਿਵਾਦ ਵਧਣ ਤੋਂ ਬਾਅਦ ਸ਼ੇਖ ਅਬਦੁੱਲਾ ਨੇ ਸੋਸ਼ਲ ਮੀਡੀਆ ਪੋਸਟ ਡਿਲੀਟ ਕਰ ਦਿੱਤੀ ਹੈ। ਫਿਲਹਾਲ, ਮਾਲਦੀਵ ਸਰਕਾਰ ਵੱਲੋਂ ਇਸ 'ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ 25 ਜੁਲਾਈ ਨੂੰ ਮਾਲਦੀਵ ਦੇ ਦੌਰੇ ਉੱਤੇ ਜਾ ਰਹੇ ਹਨ। ਇੱਥੇ ਉਹ 26 ਜੁਲਾਈ ਨੂੰ ਮਾਲਦੀਵ ਦੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ।
ਰਾਸ਼ਟਰਪਤੀ ਦੇ ਸਾਲੇ ਨੇ ਕਿਹਾ ਕਿ ਮੋਦੀ ਨੂੰ ਮਾਲਦੀਵ ਵਿੱਚ ਸੱਦਾ ਦੇਣਾ ਇੱਕ ਵੱਡੀ ਗਲਤੀ ਹੈ। ਸ਼ੇਖ ਅਬਦੁੱਲਾ ਨੇ X 'ਤੇ ਇੱਕ ਪੋਸਟ ਵਿੱਚ ਲਿਖਿਆ, ਮੋਦੀ ਇਸਲਾਮ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਉਹ ਇੱਕ ਅੱਤਵਾਦੀ ਹੈ। ਉਸ ਨੇ ਬਾਬਰੀ ਮਸਜਿਦ ਨੂੰ ਢਾਹ ਦਿੱਤਾ, ਪੁਰਾਣੀਆਂ ਮੁਸਲਿਮ ਜ਼ਮੀਨਾਂ ਨੂੰ ਲੁੱਟਿਆ ਤੇ ਅਹਿਮਦਾਬਾਦ ਨੂੰ ਕਬਰਸਤਾਨ ਵਿੱਚ ਬਦਲ ਦਿੱਤਾ। ਉਸ ਨੂੰ ਮਾਲਦੀਵ ਵਿੱਚ ਸੱਦਾ ਦੇਣਾ ਇੱਕ ਵੱਡੀ ਗਲਤੀ ਹੈ। ਸ਼ੇਖ ਅਬਦੁੱਲਾ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਪਤਨੀ ਸਾਜਿਦਾ ਮੁਹੰਮਦ ਦੁਆਰਾ ਬਣਾਈ ਗਈ ਇੱਕ ਸੰਸਥਾ ਨਾਲ ਜੁੜੇ ਹੋਏ ਹਨ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ 25 ਜੁਲਾਈ ਨੂੰ ਮਾਲਦੀਵ ਪਹੁੰਚਣਗੇ। ਉਹ 26 ਜੁਲਾਈ ਨੂੰ ਉੱਥੇ ਆਜ਼ਾਦੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਇਸ ਦੌਰਾਨ ਉਹ ਦੁਵੱਲੀ ਗੱਲਬਾਤ ਵੀ ਕਰਨਗੇ। ਇਹ ਮੋਦੀ ਦਾ ਮਾਲਦੀਵ ਦਾ ਤੀਜਾ ਦੌਰਾ ਹੋਵੇਗਾ, ਜੋ ਵਪਾਰ, ਸਮੁੰਦਰੀ ਸੁਰੱਖਿਆ ਤੇ ਜਲਵਾਯੂ ਪਰਿਵਰਤਨ ਵਰਗੇ ਮੁੱਦਿਆਂ 'ਤੇ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰੇਗਾ। ਅਕਤੂਬਰ 2024 ਵਿੱਚ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨਾਲ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ ਮੁਕਤ ਵਪਾਰ ਸਮਝੌਤੇ (FTA) 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਉਧਰ, ਮੁਹੰਮਦ ਮੁਈਜ਼ੂ ਦੇ ਸਾਲੇ ਦੇ ਉਲਟ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਕਿਹਾ ਹੈ ਕਿ ਜੇਕਰ ਭਾਰਤ ਨਾ ਹੁੰਦਾ ਤਾਂ ਸਾਡੀ ਆਰਥਿਕਤਾ ਬਰਬਾਦ ਹੋ ਜਾਂਦੀ। ਨਸ਼ੀਦ ਨੇ ANI ਨਾਲ ਗੱਲਬਾਤ ਵਿੱਚ ਕਿਹਾ ਕਿ ਉਨ੍ਹਾਂ ਦੇ ਦੇਸ਼ ਦੀ ਆਰਥਿਕ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਜੇਕਰ ਭਾਰਤ ਸਮੇਂ ਸਿਰ ਮਦਦ ਨਾ ਕਰਦਾ ਤਾਂ ਮਾਲਦੀਵ ਦੀਵਾਲੀਆ (ਡਿਫਾਲਟਰ) ਹੋ ਜਾਂਦਾ। 2022-23 ਵਿੱਚ ਸੈਰ-ਸਪਾਟਾ ਰੁਕਣ ਕਾਰਨ ਮਾਲਦੀਵ ਡੂੰਘੇ ਆਰਥਿਕ ਸੰਕਟ ਵਿੱਚ ਚਲਾ ਗਿਆ ਸੀ। ਇਸ ਉੱਤੇ ਵਿਦੇਸ਼ੀ ਕਰਜ਼ਾ ਵਧ ਗਿਆ ਸੀ ਤੇ ਡਾਲਰਾਂ ਦੀ ਭਾਰੀ ਕਮੀ ਹੋ ਗਈ ਸੀ। ਭਾਰਤ ਨੇ ਅਨਾਜ-ਈਂਧਨ ਸਪਲਾਈ ਤੇ ਕ੍ਰੈਡਿਟ ਲਾਈਨ ਪ੍ਰਦਾਨ ਕਰਕੇ ਮਾਲਦੀਵ ਨੂੰ ਡਿਫਾਲਟਰ ਹੋਣ ਤੋਂ ਬਚਾਇਆ।