ਨਿਊਯਾਰਕ: ਅਮਰੀਕਾ ’ਚ ਨਸਲੀ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਲੰਘੇ ਦਿਨ ਓਰੇਗਨ ਸੂਬੇ ਦੇ ਇੱਕ ਸਟੋਰ ’ਚ ਗੋਰੇ ਨੇ ਸਿੱਖ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਹ ਝਗੜਾ ਇਸ ਲਈ ਹੋਇਆ ਕਿਉਂਕਿ ਸਟੋਰ ’ਚ ਕੰਮ ਕਰਦੇ ਹਰਵਿੰਦਰ ਸਿੰਘ ਡੋਡ ਨੇ 24 ਸਾਲਾ ਗੋਰੇ ਐਂਡਰਿਊ ਰੈਮਜ਼ੀ ਨੂੰ ਸਿਗਰਟ ਵਾਲਾ ਪੇਪਰ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਰੈਮਜ਼ੀ ਨੇ ਹਰਵਿੰਦਰ ਸਿੰਘ ਨੂੰ ਢਾਹ ਕੇ ਕੁੱਟਿਆ ਤੇ ਉਸ ਦੀ ਦਾੜ੍ਹੀ ਦੇ ਵਾਲ ਖਿੱਚੇ।


ਪੁਲਿਸ ਮੁਤਾਬਕ ਉਸ ਦੇ ਖ਼ੂਨ ਨਿਕਲ ਰਿਹਾ ਸੀ ਤੇ ਰੈਮਜ਼ੀ ਨੇ ਉਸ ਦੀ ਦਸਤਾਰ ਖੋਹਣ ਦੀ ਕੋਸ਼ਿਸ਼ ਕੀਤੀ। ਫੌਕਸ 12 ਟੀਵੀ ਨੇ ਕਿਹਾ ਕਿ ਰੈਮਜ਼ੀ ਨੇ ਡੋਡ ਦੇ ਧਰਮ ਸਬੰਧੀ ਧਾਰਨਾ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ। ਪੁਲਿਸ ਮੁਤਾਬਕ ਰੈਮਜ਼ੀ ਸਿਗਰਟਾਂ ਲਈ ਰੋਲਿੰਗ ਪੇਪਰ ਚਾਹੁੰਦਾ ਸੀ ਪਰ ਉਸ ਕੋਲ ਸ਼ਨਾਖ਼ਤੀ ਪੱਤਰ ਨਾ ਹੋਣ ਕਰਕੇ ਡੋਡ ਨੇ ਉਸ ਨੂੰ ਇਹ ਨਹੀਂ ਦਿੱਤੇ।

ਡੋਡ ਨੇ ਜਦੋਂ ਰੈਮਜ਼ੀ ਨੂੰ ਮੌਕੇ ਤੋਂ ਜਾਣ ਲਈ ਕਿਹਾ ਤਾਂ ਉਸ ਨੇ ਡੋਡ ਨੂੰ ਦਾੜ੍ਹੀ ਤੋਂ ਖਿੱਚ ਕੇ ਢਾਹ ਲਿਆ ਤੇ ਲੱਤਾਂ ਨਾਲ ਕੁੱਟਿਆ ਤੇ ਚਿਹਰੇ ’ਤੇ ਘਸੁੰਨ ਮਾਰੇ। ਰਿਪੋਰਟ ਮੁਤਾਬਕ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਰੈਮਜ਼ੀ ਨੂੰ ਫੜ ਲਿਆ ਗਿਆ ਸੀ। ਉਸ ’ਤੇ ਚੌਥੀ ਡਿਗਰੀ ਦੇ ਹਮਲੇ, ਹੰਗਾਮਾ ਕਰਨ ਤੇ ਅਪਰਾਧਕ ਜ਼ੁਲਮ ਕਰਨ ਦੇ ਦੋਸ਼ ਲੱਗੇ ਹਨ।

ਯਾਦ ਰਹੇ ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਸਰਕਾਰ ਆਉਣ ਮਗਰੋਂ ਨਸਲੀ ਹਮਲੇ ਵਧੇ ਹਨ। ਐਫਬੀਆਈ ਮੁਤਾਬਕ ਓਰੇਗਨ ’ਚ 2016 ਤੋਂ 2017 ਵਿਚਕਾਰ ਨਫ਼ਰਤੀ ਜੁਰਮ ਦੇ 40 ਫ਼ੀਸਦੀ ਮਾਮਲੇ ਵਧੇ ਹਨ।