ਈਡਨਬਰਗ: ਸਥਾਨਕ ਗੁਰਦੁਆਰਾ ਸਾਹਿਬ 'ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਵਾਲੇ ਵਿਅਕਤੀ ਬਾਰੇ ਪੁਲਿਸ ਨੇ ਨਵਾਂ ਖੁਲਾਸਾ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਨੇ ਪਹਿਲਾਂ ਈਡਨਬਰਗ ਦੇ ਗੁਰਦੁਆਰਾ ਸਾਹਿਬ ਵਿਖੇ ਅੱਗਜ਼ਨੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਘਟਨਾ ਤੋਂ ਕੁਝ ਸਮੇਂ ਬਾਅਦ ਉਸੇ ਵਿਅਕਤੀ ਨੇ ਚਰਚ ਵਿੱਚ ਵੀ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ।




ਦੋਵੇਂ ਘਟਨਾਵਾਂ ਸਥਾਨਕ ਸਮੇਂ ਮੁਤਾਬਕ ਮੰਗਲਵਾਰ ਸਵੇਰੇ ਪੰਜ ਤੋਂ ਸੱਤ ਵਜੇ ਦੇ ਦਰਮਿਆਨ ਵਾਪਰੀਆਂ। ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬੀਤੇ ਮੰਗਲਵਾਰ ਸਵੇਰੇ ਪੰਜ ਵਜੇ ਸ਼ੈਰਿਫ ਬ੍ਰੇਏ ਲੇਥ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੇ ਹੀ ਉਸੇ ਦਿਨ ਸਵੇਰੇ ਸੱਤ ਵਜੇ ਜੰਕਸ਼ਨ ਪੈਲੇਸ ਲਾਗੇ ਮੈਥੋਡਿਸਟ ਚਰਚ ਨੂੰ ਅੱਗ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਸੀ।



ਪੁਲਿਸ ਨੇ ਇਨ੍ਹਾਂ ਘਟਨਾਵਾਂ ਵਿੱਚ 49 ਸਾਲਾ ਮੁਲਜ਼ਮ ਨੂੰ ਵੀਰਵਾਰ ਨੂੰ ਈਡਨਬਰਗ ਸ਼ੈਰਿਫ਼ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਹਮਲੇ ਵਿੱਚ ਗੁਰਦੁਆਰਾ ਦਾ ਮੁੱਖ ਦੁਆਰ ਸੜ ਗਿਆ ਤੇ ਦੀਵਾਨ ਹਾਲ ਤਕ ਅੱਗ ਦੀਆਂ ਲਪਟਾਂ ਫੈਲ ਗਈਆਂ। ਅੱਗ ਲੱਗਣ ਤੋਂ ਬਾਅਦ ਗੁਰਦੁਆਰੇ ਅੰਦਰ ਧੂੰਆਂ ਫੈਲਣ ਨਾਲ ਹਾਲਤ ਖਰਾਬ ਹੋ ਗਈ। ਪੁਲਿਸ ਨੇ ਗੁਰਦੁਆਰੇ ਨੂੰ ਸਫਾਈ ਤੋਂ ਪਹਿਲਾਂ ਖੋਲ੍ਹਣ ਤੋਂ ਮਨ੍ਹਾ ਕਰ ਦਿੱਤਾ।