ਬ੍ਰਿਸਬੇਨ: ਬ੍ਰਿਸਬੇਨ ਸਿਟੀ ਕੌਂਸਲ ਨੇ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਦੇ ਪਰਿਵਾਰਕ ਮੈਂਬਰਾਂ ਨੂੰ 10 ਹਜ਼ਾਰ ਡਾਲਰ ਦੇਣ ਦਾ ਐਲਾਨ ਕੀਤਾ ਹੈ। ਸਿਟੀ ਕੌਂਸਲ ਦੇ ਖ਼ਾਸ ਤੌਰ ਉੱਤੇ ਬੁਲਾਏ ਗਏ ਸੈਸ਼ਨ ਵਿੱਚ ਮਨਮੀਤ ਅਲੀਸ਼ੇਰ ਦੀ ਮੌਤ ਉੱਤੇ ਨਿੰਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ। ਇਸ ਮੌਕੇ ਮਨਮੀਤ ਅਲੀਸ਼ੇਰ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।

ਸਿਟੀ ਕੌਂਸਲ ਦੇ ਸੈਸ਼ਨ ਦੌਰਾਨ ਜਿਸ ਸਮੇਂ ਮਨਮੀਤ ਨੂੰ ਯਾਦ ਕੀਤਾ ਜਾ ਰਿਹਾ ਸੀ ਤਾਂ ਮੇਅਰ ਤੇ ਕੌਂਸਲ ਦੇ ਜ਼ਿਆਦਾਤਰ ਮੈਂਬਰਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ। ਮੇਅਰ ਨੇ ਆਪਣੇ ਸੰਦੇਸ਼ ਵਿੱਚ ਆਖਿਆ ਹੈ ਕਿ ਮਨਮੀਤ ਦੀ ਮੌਤ ਨੇ ਪੂਰੇ ਸਿਟੀ ਨੂੰ ਤੋੜ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਬ੍ਰਿਸਬੇਨ ਸਿਟੀ ਕੌਂਸਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਨਮੀਤ ਦੇ ਪਰਿਵਾਰਕ ਮੈਂਬਰਾਂ ਦੀ ਵੱਧ ਤੋਂ ਵੱਧ ਵਿੱਤੀ ਮਦਦ ਕਰਨ।

ਇਸ ਲਈ ਮਨਮੀਤ ਸ਼ਰਮਾ ਟਰੱਸਟ ਦੀ ਵੀ ਸਥਾਪਨਾ ਕੀਤੀ ਗਈ ਹੈ। ਯਾਦ ਰਹੇ ਕਿ ਮਨਮੀਤ ਅਲੀਸ਼ੇਰ ਨੂੰ ਇੱਕ ਗੌਰੇ ਨੇ ਕੁਝ ਦਿਨ ਪਹਿਲਾਂ ਉਸ ਸਮੇਂ ਜਿੰਦਾ ਸਾੜ ਦਿੱਤਾ ਸੀ ਜਦੋਂ ਉਹ ਸਿਟੀ ਕੌਂਸਲ ਦੀ ਬੱਸ ਚਲਾ ਰਿਹਾ ਸੀ। ਮਨਮੀਤ ਅਲੀਸ਼ੇਰ ਦੀ ਮ੍ਰਿਤਕ ਦੇਹ ਪੰਜਾਬ ਤੋਂ ਆਏ ਉਸ ਦੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ। ਮਨਮੀਤ ਦੇ ਪਰਿਵਾਰਕ ਮੈਂਬਰ ਅਤੇ ਉਸ ਦੇ ਸਾਥੀ ਵੀਰਵਾਰ ਤੱਕ ਲਾਸ਼ ਭਾਰਤ ਲੈ ਕੇ ਪਹੁੰਚ ਜਾਣਗੇ।