ਨਿਊ ਯਾਰਕ: ਵੱਡੀ ਗਿਣਤੀ ਵਿੱਚ ਸ਼ੇਅਰਧਾਰਕਾਂ ਦੇ ਇੱਕ ਧੜੇ ਨੇ ਇਸ ਹਫ਼ਤੇ ਮਤਾ ਪਾਸ ਕੀਤਾ ਹੈ ਕਿ ਫ਼ੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਬੋਰਡ ਦੇ ਚੇਅਰਮੈਨ ਵਜੋਂ ਹਟਾਇਆ ਜਾਵੇ। ਪਿਛਲੇ ਸਮੇਂ ਦੌਰਾਨ ਲੜੀਵਾਰ ਵੱਡੀਆਂ ਗ਼ਲਤੀਆਂ ਤੇ ਸਕੈਂਡਲਾਂ ਦੇ ਸਾਹਮਣੇ ਆਉਣ ਤੋਂ ਬਾਅਦ ਸ਼ੇਅਰਧਾਰਕਾਂ ਨੇ ਇਹ ਫੈਸਲਾ ਲਿਆ ਹੈ।


ਸ਼ੇਅਰਹੋਲਡਰ ਸਕੌਟ ਸਟ੍ਰਿੰਗਜਰ ਨੇ ਦੱਸਿਆ ਕਿ ਇਸ ਸਮੇਂ ਜ਼ੁਕਰਬਰਗ ਦਾ ਬਾਹਰ ਜਾਣਾ ਸ਼ੇਅਰਹੋਲਡਰਾਂ, ਵਰਤੋਂਕਾਰਾਂ ਅਤੇ ਸਾਡੇ ਲੋਕਤੰਤਰ ਦੇ ਹਿੱਤ ਵਿੱਚ ਹੈ। ਉਨ੍ਹਾਂ ਕਿਹਾ ਕਿ ਅਸੀਂ ਕੰਪਨੀ ਦੇ ਬੋਰਡ ਰੂਮ ਵਿੱਚ ਖ਼ੁਦਮੁਖ਼ਤਿਆਰੀ ਅਤੇ ਜਵਾਬਦੇਹੀ ਚਾਹੁੰਦੇ ਹਾਂ ਅਤੇ ਅਸੀਂ ਬੋਰਡ ਰੂਮ ਵਿੱਚ ਅਸਲ ਗੰਭੀਰ ਮੁੱਦਿਆਂ ਦੇ ਹੱਲ ਚਾਹੁੰਦੇ ਹਾਂ ਜੋ ਸਾਡੇ ਅੰਦਰੂਨੀ ਲੋਕਤੰਤਰ ਲਈ ਖ਼ਤਰਾ ਬਣੇ ਹੋਏ ਹਨ।

ਸਥਾਨਕ ਮੀਡੀਆ ਮੁਤਾਬਕ ਜ਼ੁਕਰਬਰਗ ਨੂੰ ਹਟਾਉਣ ਲਈ 60 ਫ਼ੀਸਦ ਸ਼ੇਅਰਹੋਲਡਰਾਂ ਨੇ ਆਪਣਾ ਸਮਰਥਨ ਦਿੱਤਾ। ਜ਼ਿਕਰਯੋਗ ਹੈ ਕਿ ਜ਼ੁਕਰਬਰਗ ਦੀ ਅਗਵਾਈ ਵਿੱਚ ਇਸ ਸਾਲ ਕਈ ਵੱਡੇ ਤੇ ਗੰਭੀਰ ਡੇਟਾ ਚੋਰੀ ਦੀਆਂ ਘਟਨਾਵਾਂ ਹੋਈਆਂ ਹਨ। ਇਨ੍ਹਾਂ ਘਟਨਾਵਾਂ ਨਾਲ ਫੇਸਬੁੱਕ ਦੇ ਵਪਾਰ 'ਤੇ ਅਸਰ ਪਿਆ ਉੱਥੇ ਹੀ ਲੋਕਾਂ ਵਿੱਚ ਕੰਪਨੀ ਦਾ ਅਕਸ ਵੀ ਵਿਗੜਿਆ ਹੈ।