ਕੈਲੇਫੋਰਨੀਆ: ਅਮਰੀਕਾ ਦੇ ਲੌਸ ਏਂਜਲਸ ਤੋਂ 40 ਮੀਲ ਦੂਰ ਥਾਊਸੈਂਡਜ਼ ਓਕ ਦੇ ਇੱਕ ਸ਼ਰਾਬਖ਼ਾਨੇ ਵਿੱਚ ਸਿਰਫਿਰੇ ਨੇ ਗੋਲ਼ੀਆਂ ਚਲਾ ਕੇ 12 ਲੋਕਾਂ ਦੀਆਂ ਜਾਨਾਂ ਲੈ ਲਈਆਂ। ਬਾਅਦ ਵਿੱਚ ਪੁਲਿਸ ਨੂੰ ਹਮਲਾਵਰ ਵੀ ਮ੍ਰਿਤ ਹਾਲਤ ਵਿੱਚ ਮਿਲਿਆ। ਗੋਲ਼ੀ ਚਲਾਉਣ ਦਾ ਕਾਰਨ ਹਾਲੇ ਤਕ ਪਤਾ ਨਹੀਂ ਲੱਗਾ ਹੈ। ਘਟਨਾ ਵਿੱਚ 10-15 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।

ਅਮਰੀਕੀ ਸਮੇਂ ਮੁਤਾਬਕ ਬੁੱਧਵਾਰ ਰਾਤ ਨੂੰ ਸਵਾ ਕੁ ਗਿਆਰਾਂ ਵਜੇ ਬਾਰ ਵਿੱਚ ਗੋਲ਼ੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਉਸ ਸਮੇਂ ਬੌਰਡਰ ਲਾਈਨ ਬਾਰ ਤੇ ਗਰਿੱਲ ਨਾਂਅ ਦੇ ਸ਼ਰਾਬਖ਼ਾਨੇ ਵਿੱਚ ਕਾਲਜ ਨਾਈਟ ਦੇ ਨਾਂਅ ਹੇਠ ਵਿਸ਼ੇਸ਼ ਸਮਾਗਮ ਸੀ ਤੇ ਉੱਥੇ ਕਾਫੀ ਗਿਣਤੀ ਵਿੱਚ ਨੌਜਵਾਨ ਪਹੁੰਚੇ ਹੋਏ ਸਨ। ਗੋਲ਼ੀਬਾਰੀ ਸ਼ੁਰੂ ਹੋਣ ਤੋਂ ਬਾਅਦ ਸੈਂਕੜੇ ਜਣਿਆਂ ਨੇ ਇਮਾਰਤ ਦੇ ਐਮਰਜੈਂਸੀ ਨਿਕਾਸਾਂ ਤੇ ਸ਼ੀਸ਼ੇ ਭੰਨ ਕੇ ਬਾਹਰ ਨਿੱਕਲ ਕੇ ਆਪਣੀ ਜਾਨ ਬਚਾਈ।

ਵੈਂਚੁਰਾ ਕਾਊਂਟੀ ਦੇ ਸ਼ੈਰਿਫ ਜਿਓਫ ਡੀਨ ਨੇ ਦੱਸਿਆ ਕਿ ਇਸ ਘਟਨਾ ਵਿੱਚ ਪੁਲਿਸ ਵਿਭਾਗ 'ਚ 29 ਸਾਲ ਸੇਵਾ ਨਿਭਾਅ ਚੁੱਕੇ ਸਾਰਜੈਂਟ ਰੌਨ ਹੇਲੁਸ ਦੀ ਕਈ ਗੋਲ਼ੀਆਂ ਲੱਗਣ ਕਾਰਨ ਮੌਤ ਹੋ ਗਈ। ਹੇਲੁਸ ਹੀ ਪਹਿਲੇ ਪੁਲਿਸ ਕਰਮੀ ਸਨ ਜੋ ਸਭ ਤੋਂ ਪਹਿਲਾਂ ਘਟਨਾ ਸਥਾਨ 'ਤੇ ਪਹੁੰਚੇ। ਪੁਲਿਸ ਨੇ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ।