ਨਵੀਂ ਦਿੱਲੀ: ਸਾਬਕਾ ਖਾਲਿਸਤਾਨੀ ਜਸਪਾਲ ਅਟਵਾਲ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਡਿਨਰ ਵਿੱਚ ਸੱਦੇ ਦੇ ਮਾਮਲੇ ਦੀ ਜਾਂਚ ਹੋਏਗੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਟਵਾਲ ਨੂੰ ਭਾਰਤ ਦਾ ਵੀਜ਼ਾ ਕਿਵੇਂ ਮਿਲਿਆ ਇਸ ਦੀ ਜਾਂਚ ਹੋਵੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਾਜ ਕੁਮਾਰ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਵੇਗੀ ਕਿ ਅਟਵਾਲ ਨੂੰ ਭਾਰਤ ਦਾ ਵੀਜ਼ਾ ਕਿਸੇ ਆਧਾਰ 'ਤੇ ਮਿਲਿਆ ਹੈ। ਕੁਮਾਰ ਨੇ ਕਿਹਾ ਕਿ ਕੈਨੇਡਾ ਨੇ ਆਪਣਾ ਪੱਖ ਰੱਖ ਦਿੱਤਾ ਹੈ ਕਿ ਉਨ੍ਹਾਂ ਨੇ ਅਟਵਾਲ ਦਾ ਸੱਦਾ ਪੱਤਰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੁਮਾਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਪਣੇ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਤੋਂ ਇਸ ਦੀ ਦੀ ਜਾਣਕਾਰੀ ਮੰਗੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਦੀ ਪਤਨੀ ਨਾਲ 20 ਫਰਵਰੀ ਨੂੰ ਮੁੰਬਈ ਦੇ ਇੱਕ ਇਵੈਂਟ ਵਿੱਚ ਅਟਵਾਲ ਦੀਆਂ ਫੋਟੋਆਂ ਦੇਖੀਆਂ ਗਈਆਂ। ਇਸ ਤੋਂ ਇਹ ਮੁੱਦਾ ਖੜ੍ਹਾ ਹੋ ਗਿਆ। ਟਰੂਡੋ ਦੀ ਪਾਰਟੀ ਵਿੱਚ ਆਉਣ ਵਾਲੇ ਮਹਿਮਾਨਾਂ ਦੀ ਸੂਚੀ ਵਿੱਚ ਅਟਵਾਲ ਦਾ ਨਾਮ ਆਉਣ ਤੋਂ ਬਾਅਦ ਇਸ ਮੁੱਦੇ ਨੇ ਨਵਾਂ ਮੋੜ ਲੈ ਲਿਆ ਸੀ। ਜਸਪਾਲ ਅਟਵਾਲ ਨੂੰ 1986 ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਮਲਕੀਤ ਸਿੰਘ ਸਿੱਧੂ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਦੋਸ਼ੀ ਕਰਕਾਰ ਦਿੱਤਾ ਗਿਆ ਸੀ। ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ।