ਨਵੀਂ ਦਿੱਲੀ: ਭਗੋੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਡੋਮਿਨਿਕਾ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਹਾਲੀਆ ਐਂਟੀਗੁਆ ਤੇ ਬਾਰਬੁਡਾ ਤੋਂ ਫ਼ਰਾਰ ਹੋ ਗਿਆ ਸੀ। ਉਸ ਨੂੰ ਇੰਟਰਪੋਲ ਵੱਲੋਂ ਯੈਲੋ ਨੋਟਿਸ ਜਾਰੀ ਕੀਤੇ ਜਾਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਮੀਡੀਆ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।


ਸਥਾਨਕ ਸਮੇਂ ਮੁਤਾਬਕ ਚੌਕਸੀ ਨੂੰ ਮੰਗਲਵਾਰ ਰਾਤ ਗ੍ਰਿਫਤਾਰ ਕੀਤਾ ਗਿਆ ਸੀ। ਉਹ 2018 ਤੋਂ ਐਂਟੀਗੁਆ ਤੇ ਬਰਬੁਡਾ 'ਚ ਰਹਿ ਰਿਹਾ ਸੀ। ਉਸ ਨੇ ਉੱਥੋਂ ਦੀ ਨਾਗਰਿਕਤਾ ਹਾਸਲ ਕੀਤੀ ਹੋਈ ਹੈ। ਸਥਾਨਕ ਮੀਡੀਆ ਨੇ ਕਿਹਾ ਕਿ ਉਸਨੂੰ ਐਂਟੀਗੁਆ ਤੇ ਬਰਬੁਡਾ ਰਾਇਲ ਪੁਲਿਸ ਫੋਰਸ ਦੇ ਹਵਾਲੇ ਕੀਤੇ ਜਾਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।


ਚੌਕਸੀ ਦੀ ਪੰਜਾਬ ਨੈਸ਼ਨਲ ਬੈਂਕ ਨਾਲ 13,500 ਕਰੋੜ ਕਰਜ਼ ਧੋਖਾਧੜੀ ਦੇ ਮਾਮਲੇ 'ਚ ਲੋੜੀਂਦਾ ਹੈ। ਉਸ ਨੂੰ ਆਖਰੀ ਵਾਰੀ ਐਤਵਾਰ ਨੂੰ ਐਂਟੀਗੁਆ ਤੇ ਬਰਬੁਡਾ 'ਚ ਉਸ ਦੀ ਕਾਰ 'ਚ ਦੇਖਿਆ ਗਿਆ ਸੀ। ਉਸ ਦੀ ਕਾਰ ਦੀ ਬਰਾਮਦਗੀ ਮਗਰੋਂ ਉਸ ਦੇ ਸਟਾਫ ਨੇ ਉਸ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। ਉਸ ਦੇ ਵਕੀਲ ਵਿਜੇ ਅਗਰਵਾਲ ਨੇ ਪੁਸ਼ਟੀ ਕੀਤੀ ਸੀ ਕਿ ਚੋਕਸੀ ਐਤਵਾਰ ਤੋਂ ਲਾਪਤਾ ਹੈ। ਐਂਟੀਗੁਆ ਪੁਲਿਸ ਉਦੋਂ ਤੋਂ ਹੀ ਉਸ ਦੀ ਭਾਲ ਕਰ ਰਹੀ ਸੀ।


ਐਂਟੀਗੁਆ ਦੇ ਪ੍ਰਧਾਨ ਮੰਤਰੀ ਗਾਸਤੋਂ ਬ੍ਰਾਊਨੇ ਨੇ ਸੰਸਦ 'ਚ ਵਿਰੋਧੀ ਧਿਰ ਦੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਸਰਕਾਰ ਨੇ ਇੰਟਰਪੋਲ ਨੂੰ ਉਸ ਦੀ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ ਜਿਸ ਮਗਰੋਂ ਇੰਟਰਪੋਲ ਤੇ ਹੋਰ ਕੌਮਾਂਤਰੀ ਪੁਲਿਸ ਏਜੰਸੀਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਸੀ।


ਮੇਹੁਲ ਚੋਕਸੀ ਖ਼ਿਲਾਫ਼ ਐਂਟੀਗੁਆ ਤੇ ਬਰਬੁਡਾ 'ਚ ਦੋ ਕੇਸ ਚੱਲ ਰਹੇ ਹਨ। ਇਕ ਤਾਂ ਭਾਰਤ ਦੀ ਹਵਾਲਗੀ ਦਾ ਹੈ ਤੇ ਦੂਜਾ ਉਸ ਦੀ ਨਾਗਰਿਕਤਾ ਰੱਦ ਕਰਨ ਦਾ ਹੈ। ਇਨ੍ਹਾਂ ਕੇਸਾਂ ਲਈ ਉਸ ਨੇ ਬਰਤਾਨੀਆ ਦਾ ਇਕ ਪ੍ਰਮੁੱਖ ਵਕੀਲ ਕੀਤਾ ਹੋਇਆ ਹੈ।