ਵਾਸ਼ਿੰਗਟਨ : ਰਾਸ਼ਟਰਪਤੀ ਚੋਣ ਤੋਂ ਠੀਕ ਪਹਿਲਾਂ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਪਤਨੀ ਸਬੰਧੀ ਨਵਾਂ ਵਿਵਾਦ ਸਾਹਮਣੇ ਆਇਆ ਹੈ। ਟਰੰਪ ਦੀ ਪਤਨੀ ਮੇਲਾਨੀਆ ਟਰੰਪ ਉੱਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਮਾਮਲਾ ਵੀਹ ਸਾਲ ਪੁਰਾਣਾ ਹੈ ਪਰ ਹੁਣ ਚੋਣਾਂ ਤੋਂ ਠੀਕ ਪਹਿਲਾਂ ਇਸ ਨੂੰ ਉਜਗਰ ਕੀਤਾ ਗਿਆ ਹੈ।

ਪੁਰਾਣੇ ਖਾਤਿਆਂ, ਇਕਰਾਰਨਾਮਿਆਂ ਤੇ ਹੋਰ ਦਸਤਾਵੇਜ਼ਾਂ ਤੋਂ ਇਹ ਖੁਲਾਸਾ ਹੋਇਆ ਹੈ ਕਿ ਮੇਲਾਨੀਆ ਟਰੰਪ ਨੂੰ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਮਿਲਣ ਤੋਂ ਪਹਿਲਾਂ ਮਾਡਲਿੰਗ ਲਈ 20,056 ਡਾਲਰ ਅਦਾ ਕੀਤੇ ਗਏ ਸਨ। ਟਰੰਪ ਨੂੰ ਮਾਰਚ 2001 ਵਿੱਚ ਗਰੀਨ ਕਾਰਡ ਮਿਲਿਆ ਸੀ ਤੇ ਉਹ ਸਾਲ 2006 ਵਿੱਚ ਅਮਰੀਕੀ ਨਾਗਰਿਕ ਬਣੀ ਸੀ। ਉਨ੍ਹਾਂ ਨੇ ਸਦਾ ਇਹ ਦਾਅਵਾ ਕੀਤਾ ਹੈ ਕਿ ਉਹ ਕਾਨੂੰਨੀ ਤੌਰ ’ਤੇ ਅਮਰੀਕਾ ਪੁੱਜੀ ਤੇ ਪਰਵਾਸ ਸਬੰਧੀ ਸ਼ਰਤਾਂ ਦੀ ਕਦੇ ਉਲੰਘਣਾ ਨਹੀਂ ਕੀਤੀ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ 1996 ਵਿੱਚ 27 ਅਗਸਤ ਨੂੰ ਬੀ1/ਬੀ2 ਵਿਜ਼ਟਰ ਵੀਜ਼ੇ ’ਤੇ ਅਮਰੀਕਾ ਪੁੱਜੀ ਸੀ ਤੇ ਬਾਅਦ ਵਿੱਚ ਉਸੇ ਸਾਲ 18 ਅਕਤੂਬਰ ਨੂੰ ਉਨ੍ਹਾਂ ਨੇ ਐਚ-1ਬੀ ਵੀਜ਼ਾ ਹਾਸਲ ਕਰ ਲਿਆ ਸੀ।

ਖ਼ਬਰ ਏਜੰਸੀ ਏ ਪੀ ਨੂੰ ਮਿਲੇ ਕਾਗ਼ਜ਼ਾਤ ਤੋਂ ਇਹ ਖ਼ੁਲਾਸਾ ਹੋਇਆ ਹੈ ਕਿ ਸ੍ਰੀਮਤੀ ਟਰੰਪ ਨੂੰ 10 ਸਤੰਬਰ ਤੇ 15 ਅਕਤੂਬਰ ਦਰਮਿਆਨ ਮਾਡਲਿੰਗ ਲਈ ਪੈਸੇ ਅਦਾ ਕੀਤੇ ਗਏ ਸਨ। ਇਹ ਉਹ ਸਮਾਂ ਸੀ ਜਦੋਂ ਉਨ੍ਹਾਂ ਨੂੰ ਵੀਜ਼ੇ ਤਹਿਤ ਅਮਰੀਕਾ ਵਿੱਚ ਰੁਕਣ ਅਤੇ ਕੰਮ ਦੀ ਭਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਪੈਸੇ ਲੈ ਕੇ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ।