ਮੈਕਸੀਕੋ ਦੇ ਦੱਖਣੀ ਸੂਬੇ ਓਕਸਾਕਾ ਵਿੱਚ ਬੁੱਧਵਾਰ (5 ਜੁਲਾਈ) ਨੂੰ ਯਾਤਰੀਆਂ ਨਾਲ ਭਰੀ ਬੱਸ ਪਹਾੜੀ ਸੜਕ ਤੋਂ ਤਿਲਕ ਕੇ ਖਾਈ ਵਿੱਚ ਜਾ ਡਿੱਗੀ। ਇਸ ਹਾਦਸੇ 'ਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ, ਜਦਕਿ 21 ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਹਾਦਸੇ ਵਿੱਚ ਬੱਸ ਪੂਰੀ ਤਰ੍ਹਾਂ ਤਬਾਹ ਹੋ ਗਈ। ਮੌਕੇ 'ਤੇ ਬਚਾਅ ਟੀਮ ਮਦਦ ਲਈ ਪਹੁੰਚੀ।
ਓਕਸਾਕਾ ਦੇ ਸਰਕਾਰੀ ਵਕੀਲ ਬਰਨਾਰਡੋ ਰੋਡਰਿਗਜ਼ ਅਲਾਮਿਲਾ ਨੇ ਟੈਲੀਫੋਨ ਰਾਹੀਂ ਏਐਫਪੀ ਨੂੰ ਦੱਸਿਆ ਕਿ ਸ਼ੁਰੂਆਤੀ ਅੰਕੜਿਆਂ ਅਨੁਸਾਰ 27 ਲੋਕਾਂ ਦੀ ਮੌਤ ਹੋ ਗਈ ਅਤੇ 17 ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਲਈ ਖੇਤਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਢਲੇ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਤਕਨੀਕੀ ਖਰਾਬੀ ਕਾਰਨ ਹਾਦਸਾ ਵਾਪਰਿਆ ਹੋ ਸਕਦਾ ਹੈ।
ਗੱਡੀ ਦਾ ਡਰਾਈਵਰ ਕੰਟਰੋਲ ਗੁਆ ਬੈਠਾ
ਜਾਣਕਾਰੀ ਦਿੰਦੇ ਹੋਏ ਨਾਗਰਿਕ ਸੁਰੱਖਿਆ ਏਜੰਸੀ ਨੇ ਦੱਸਿਆ ਕਿ ਜਦੋਂ ਉਹ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਗਏ ਤਾਂ ਘੱਟੋ-ਘੱਟ 6 ਲੋਕ ਬੇਹੋਸ਼ ਸਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਟਰਾਂਸਪੋਰਟ ਕੰਪਨੀ ਦੁਆਰਾ ਸੰਚਾਲਿਤ ਬੱਸ ਮੰਗਲਵਾਰ (4 ਜੁਲਾਈ) ਰਾਤ ਨੂੰ ਰਾਜਧਾਨੀ ਮੈਕਸੀਕੋ ਸਿਟੀ ਤੋਂ ਰਵਾਨਾ ਹੋਈ ਸੀ ਅਤੇ ਸੈਂਟੀਆਗੋ Santiago Yosondúa ਸ਼ਹਿਰ ਜਾ ਰਹੀ ਸੀ।
ਰਾਜ ਦੇ ਅਧਿਕਾਰੀ ਜੀਸਸ ਰੋਮੇਰੋ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਡਰਾਈਵਰ ਨੇ ਸ਼ਾਇਦ ਵਾਹਨ ਦਾ ਕੰਟਰੋਲ ਗੁਆ ਦਿੱਤਾ ਅਤੇ ਬਦਕਿਸਮਤੀ ਨਾਲ ਇਹ 25 ਮੀਟਰ (80 ਫੁੱਟ) ਤੋਂ ਵੱਧ ਡੂੰਘੀ ਖੱਡ ਵਿੱਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਬੱਸ ਚਲਾਉਣ ਵਾਲੀ ਕੰਪਨੀ ਮੈਕਸੀਕੋ ਸਿਟੀ ਤੋਂ ਰੋਜ਼ਾਨਾ ਦੇ ਆਧਾਰ ’ਤੇ ਚੱਲਦੀ ਹੈ।
ਬੱਸ ਦਾ ਅੱਧਾ ਹਿੱਸਾ ਤਬਾਹ ਹੋ ਗਿਆ
ਜੀਸਸ ਰੋਮੇਰੋ ਨੇ ਦੱਸਿਆ ਕਿ ਜ਼ਖਮੀ ਯਾਤਰੀਆਂ ਨੂੰ ਇਲਾਕੇ ਦੇ ਵੱਖ-ਵੱਖ ਹਸਪਤਾਲਾਂ 'ਚ ਤਬਦੀਲ ਕਰ ਦਿੱਤਾ ਗਿਆ ਹੈ, ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਐਮਰਜੈਂਸੀ ਸੇਵਾਵਾਂ ਨੇ ਪੋਸਟਮਾਰਟਮ ਲਈ ਆਪਣੇ ਕੋਲ ਰੱਖ ਲਿਆ ਹੈ। ਇਹ ਹਾਦਸਾ ਪਹਾੜੀ ਇਲਾਕੇ 'ਚ ਸਥਿਤ ਕਸਬੇ ਮੈਗਡਾਲੇਨਾ ਪੇਨਾਸਕੋ 'ਚ ਵਾਪਰਿਆ।
ਓਕਸਾਕਾ ਸੂਬੇ ਦੇ ਗਵਰਨਰ ਸਲੋਮੋਨ ਜਾਰਾ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਮੈਗਡਾਲੇਨਾ ਪੇਨਾਸਕੋ 'ਚ ਹੋਏ ਹਾਦਸੇ 'ਤੇ ਸਾਨੂੰ ਡੂੰਘਾ ਅਫਸੋਸ ਹੈ। ਸਾਡੇ ਸਰਕਾਰੀ ਕਰਮਚਾਰੀ ਪਹਿਲਾਂ ਹੀ ਬਚਾਅ ਕਾਰਜ 'ਤੇ ਕੰਮ ਕਰ ਰਹੇ ਹਨ ਅਤੇ ਜ਼ਖਮੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰ ਰਹੇ ਹਨ। ਪੁਲਿਸ ਵੱਲੋਂ ਸੋਸ਼ਲ ਮੀਡੀਆ 'ਤੇ ਪ੍ਰਕਾਸ਼ਿਤ ਕੀਤੀਆਂ ਗਈਆਂ ਤਸਵੀਰਾਂ 'ਚ ਬੱਸ ਦਾ ਉਪਰਲਾ ਅੱਧਾ ਹਿੱਸਾ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ।