ਵਾਸ਼ਿੰਗਟਨ: ਅਮਰੀਕਾ ਵਿੱਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰ ਬਣਨ ਲਈ ਨਿਊਯਾਰਕ ਸ਼ਹਿਰ ਦੇ ਸਾਬਕਾ ਮੇਅਰ ਮਾਈਕਲ ਬਲੂਮਬਰਗ ਨੇ ਐਤਵਾਰ ਨੂੰ ਦਾਅਵੇਦਾਰੀ ਪੇਸ਼ ਕੀਤੀ ਹੈ। ਉਨ੍ਹਾਂ ਦੀ ਪਛਾਣ ਵਾਤਾਵਰਨ ਤਬਦੀਲੀ ਖਿਲਾਫ ਕੰਮ ਕਰਨ ਵਾਲੇ ਕਾਰਕੁਨ ਤੇ ਭਾਰਤ-ਅਮਰੀਕਾ ਦੇ ਸਮਰਥਕ ਵਜੋਂ ਹੈ।


ਮੰਨਿਆ ਜਾ ਰਿਹਾ ਹੈ ਕਿ 77 ਸਾਲਾ ਬਲੂਮਬਰਗ ਰਾਸ਼ਟਰਪਤੀ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਣਨ ਦੀ ਹੋੜ ‘ਚ ਸ਼ਾਮਲ ਹੋਣ ਵਾਲੇ ਆਖਰੀ ਨੇਤਾ ਹਨ। ਉਮੀਦਵਾਰ ਚੋਣ ਦਾ ਕੰਮ ਅਗਲੇ ਸਾਲ ਤਿੰਨ ਫਰਵਰੀ ਤੋਂ ਆਯੋਵਾ ਕੌਕਸ ਦੀਆਂ ਪ੍ਰਾਇਮਰੀ ‘ਚ ਚੋਣਾਂ ਨਾਲ ਹੋਵੇਗਾ।

ਨਿਊਯਾਰਕ ਦੇ ਸਾਬਕਾ ਮੇਅਰ ਤੇ ਕਰੀਬ 50 ਅਰਬ ਡਾਲਰ ਦੇ ਮਾਲਕ ਬਲੂਮਬਰਗ ਨੇ ਆਪਣੇ ਐਲਾਨ ‘ਚ ਕਿਹਾ, “ਮੈਂ ਡੋਨਾਲਡ ਟਰੰਪ ਨੂੰ ਹਰਾਉਣ ਤੇ ਅਮਰੀਕਾ ਦਾ ਦੁਬਾਰਾ ਨਿਰਮਾਣ ਕਰਨ ਲਈ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲੜ ਰਿਹਾ ਹਾਂ। ਅਸੀਂ ਹੋਰ ਚਾਰ ਸਾਲ ਤਕ ਰਾਸ਼ਟਰਪਤੀ ਟਰੰਪ ਦੇ ਬਗੈਰ ਸੋਚੇ ਸਮਝੇ ਤੇ ਅਨੈਤਿਕ ਕਦਮਾਂ ਨੂੰ ਨਹੀਂ ਸਹਿ ਸਕਦੇ। ਉਨ੍ਹਾਂ ਨੇ ਸਾਡੇ ਦੇਸ਼ ਦੀ ਹੋਂਦ ਤੇ ਸਾਡੇ ਸਿਧਾਂਤਾਂ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ।”

ਉਨ੍ਹਾਂ ਨੇ ਕਿਹਾ, “ਜੇਕਰ ਟਰੰਪ ਦੁਬਾਰਾ ਜਿੱਤਦਾ ਹੈ ਤਾਂ ਅਸੀਂ ਉਸ ਤੋਂ ਹੋਏ ਨੁਕਸਾਨ ਦੀ ਵੀ ਭਰਪਾਈ ਨਹੀਂ ਕਰ ਪਾਵਾਂਗੇ। ਇਸ ਤੋਂ ਜ਼ਿਆਦਾ ਖ਼ਤਰਾ ਨਹੀਂ ਹੋ ਸਕਦਾ। ਅਸੀਂ ਇਹ ਚੋਣਾਂ ਜ਼ਰੂਰ ਜਿਤਾਂਗੇ ਤੇ ਅਸੀਂ ਅਮਰੀਕਾ ਦੇ ਦੁਬਾਰਾ ਨਿਰਮਾਣ ਦੀ ਸ਼ੁਰੂਆਤ ਕਰਾਂਗੇ। ਮੈਨੂੰ ਆਪਣੇ ਕਾਰੋਬਾਰੀ, ਪ੍ਰਸਾਸ਼ਨਿਕ ਤੇ ਪਰਉਪਕਾਰੀ ਤਜ਼ਰਬੇ ‘ਤੇ ਭਰੋਸਾ ਹੈ ਜੋ ਮੈਨੂੰ ਜਿਉਣ ਤੇ ਨੁਮਾਇੰਦਗੀ ਕਰਨ ‘ਚ ਮਦਦ ਕਰੇਗਾ।”