ਵਾਸ਼ਿੰਗਟਨ: ਅਮਰੀਕਾ ‘ਚ ਨਾਗਰਿਕਤਾ ਨੂੰ ਲੈ ਕੇ ਟਰੰਪ ਪ੍ਰਸਾਸ਼ਨ ਦੇ ਸਖ਼ਤ ਨਿਯਮਾਂ ਤੋਂ ਬਾਅਦ ਮੈਕਸਿਕੋ, ਭਾਰਤ ਤੇ ਚੀਨ ਦੇ ਲੋਕਾਂ ‘ਚ ਗ੍ਰੀਨ ਕਾਰਡ ਹਾਸਲ ਕਰਨ ਦੀ ਹੋੜ ਲੱਗੀ ਹੋਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਪਰਿਵਾਰ ਵੱਲੋਂ ਪ੍ਰਯੋਜਿਤ (ਫੈਮਿਲੀ ਸਪੌਂਸਰਡ) ਗ੍ਰੀਨ ਕਾਰਡ ਦੀ ਵੇਟਿੰਗ ਲਿਸਟ 40 ਲੱਖ ਤੋਂ ਪਾਰ ਹੋ ਗਈ ਹੈ।


ਗ੍ਰੀਨ ਕਾਰਡ ਵੇਟਿੰਗ ‘ਚ ਸਭ ਤੋਂ ਜ਼ਿਆਦਾ 15 ਲੱਖ ਨਾਗਰਿਕ ਮੈਕਸਿਕੋ ਦੇ, 2 ਲੱਖ 27 ਹਜ਼ਾਰ ਨਾਗਰਿਕ ਭਾਰਤੀ ਤੇ ਇੱਕ ਲੱਖ 80 ਹਜ਼ਾਰ ਨਾਗਰਿਕ ਚੀਨੀ ਹਨ। ਗ੍ਰੀਨ ਕਾਰਡ ਧਾਰਕਾਂ ਨੂੰ ਅਮਰੀਕਾ ‘ਚ ਕਾਨੂੰਨੀ ਸਥਾਈ ਨਿਵਾਸੀ ਦਾ ਦਰਜਾ ਮਿਲ ਜਾਂਦਾ ਹੈ। ਇਸ ਨਾਲ ਉਹ ਅਮਰੀਕਾ ‘ਚ ਰਹਿ ਤੇ ਕੰਮ ਕਰ ਸਕਦੇ ਹਨ। ਇਹ ਨਾਗਰਿਕਤਾ ਹਾਸਲ ਕਰਨ ਦਾ ਪਹਿਲਾ ਕਦਮ ਹੈ।

ਦੱਸ ਦਈਏ ਕਿ ਅਮਰੀਕਾ ਹਰ ਸਾਲ 2 ਲੱਖ 26 ਹਜ਼ਾਰ ਪਰਿਵਾਰ ਪ੍ਰਾਯੋਜਿਤ ਗ੍ਰੀਨ ਕਾਰਡ ਜਾਰੀ ਕਰਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਰਿਵਾਰ ਪ੍ਰਾਜੋਜਿਤ ਗ੍ਰੀਨ ਕਾਰਡ ਖਿਲਾਫ ਰਹੇ ਹਨ। ਉਹ ਇਸ ਨੂੰ ਚੇਨ ਇਮੀਗ੍ਰੇਸ਼ਨ ਮੰਨਦੇ ਹਨ। ਜਦਕਿ ਦੂਜੇ ਪਾਸੇ ਵਿਰੋਧੀ ਧਿਰ ਡੈਮੋਕ੍ਰੇਟ ਪਾਰਟੀ ਇਸ ਨੂੰ ਜ਼ਰੂਰੀ ਮੰਨਦੀ ਹੈ। ਇਸ ਨਾਲ ਕਿਸੇ ਨੂੰ ਵੀ ਆਪਣੇ ਪਰਿਵਾਰ ਨਾਲ ਰਹਿਣ ਦਾ ਮੌਕਾ ਮਿਲ ਜਾਂਦਾ ਹੈ।