ਲਾਹੌਰ : ਈਦ ਮੌਕੇ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਕਰ ਰਹੇ ਰਾਗੀ ਸਿੰਘਾਂ ਨਾਲ ਦੁਰਵਿਵਹਾਰ ਅਤੇ ਕੀਰਤਨ ਨੂੰ ਬੰਦ ਕਰਵਾਉਣ ਦੀ ਘਟਨਾ ਵਾਪਰੀ ਹੈ। ਇਹ ਘਟਨਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਸੁੱਕਰ ਸ਼ਹਿਰ 'ਚ ਸਿੰਘ ਸਭਾ ਗੁਰਦੁਆਰਾ ਵਿੱਚ ਦੇਖਣ ਨੂੰ ਮਿਲੀ। ਇਸ ਵਾਰਦਾਤ 'ਤੇ ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਤਰਾਜ਼ ਜਤਾਇਆ ਹੈ। ਉਹਨਾਂ ਨੇ ਟਵੀਟ ਕਰਕੇ ਲਿਖਿਆ ਕਿ - ਪਿਸ਼ਾਵਰ ਦੀ ਇਸ ਵੀਡੀਓ ਵਿੱਚ ਸੰਗਤ ਨੂੰ ਸ਼ਿਕਾਇਤ ਕਰਦਿਆਂ ਦਿਖਾਇਆ ਗਿਆ ਹੈ ਕਿ ਕਿਵੇਂ ਕੁਝ ਕੱਟੜਪੰਥੀ ਨੌਜਵਾਨ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਏ ਅਤੇ ਕੀਰਤਨ ਨੂੰ ਰੋਕ ਦਿੱਤਾ ਕਿਉਂਕਿ ਉਨ੍ਹਾਂ ਨੇ ਈਦ ਵਾਲੇ ਦਿਨ ਕੀਰਤਨ ਦੀ ਆਵਾਜ਼ 'ਤੇ ਇਤਰਾਜ਼ ਕੀਤਾ ਸੀ।



ਇਹਨਾਂ ਬਦਮਾਸ਼ਾਂ ਨੂੰ ਸੰਗਤ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ ਪਿਸ਼ਾਵਰ ਪੁਲਿਸ ਨੇ ਇਹਨਾਂ ਨੂੰ ਬਿਨਾਂ ਕਿਸੇ ਪੁੱਛਗਿੱਛ ਦੇ ਛੱਡ ਦਿੱਤਾ ! ਸਥਾਨਕ ਪ੍ਰਸ਼ਾਸਨ ਅਤੇ ਮੌਲਵੀ ਉਨ੍ਹਾਂ ਕੱਟੜਪੰਥੀਆਂ ਦਾ ਸਮਰਥਨ ਕਰਦੇ ਜਾਪਦੇ ਹਨ ਜੋ ਸਿੱਖ ਧਰਮ 'ਤੇ ਹਮਲੇ ਕਰਦੇ ਰਹਿੰਦੇ ਹਨ ਅਤੇ ਸਿੱਖਾਂ ਨੂੰ ਪਾਕਿਸਤਾਨ ਤੋਂ ਭਜਾਉਣਾ ਚਾਹੁੰਦੇ ਹਨ। ਪਿਸ਼ਾਵਰ ਵਿੱਚ ਪਿਛਲੇ ਹਫ਼ਤੇ ਹੀ ਦਿਨ ਦਿਹਾੜੇ ਦੋ ਸਿੱਖਾਂ ਉੱਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ ਜਿਸ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ। ਪੇਸ਼ਾਵਰ ਦਾ ਸਿੱਖ ਭਾਈਚਾਰਾ ਨਿਰਾਸ਼ ਮਹਿਸੂਸ ਕਰ ਰਿਹਾ ਹੈ ਅਤੇ ਸਮਰਥਨ ਲਈ ਭਾਰਤ ਸਰਕਾਰ ਅਤੇ ਭਾਰਤ ਦੇ ਲੋਕਾਂ ਵੱਲ ਦੇਖ ਰਿਹਾ ਹੈ।


ਕੀ ਹੈ ਪੂਰਾ ਮਾਮਲਾ ?


ਦਰਅਸਲ ਸਿੰਧ ਸੂਬੇ ਦੇ ਸੁੱਕਰ ਸ਼ਹਿਰ ਵਿਚ ਸ਼ਰਾਰਤੀ ਅਨਸਰਾਂ ਨੇ ਜ਼ਬਰਦਸਤੀ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਕੰਪਲੈਕਸ 'ਚ ਦਾਖਲ ਹੋ ਕੇ ਗ੍ਰੰਥੀਆਂ ਤੇ ਰਾਗੀਆਂ ਨਾਲ ਦੁਰਵਿਵਹਾਰ ਕੀਤਾ ਅਤੇ ਉਨ੍ਹਾਂ ਨੂੰ ਕੀਰਤਨ ਬੰਦ ਕਰਨ ਲਈ ਕਿਹਾ। ਗੁਰਦੁਆਰਾ ਸਾਹਿਬ 'ਚ ਮੌਜੂਦ ਲੋਕਾਂ ਨੇ ਇਲਜ਼ਾਮ ਲਾਇਆ ਕਿ  ਸ਼ਰਾਰਤੀ ਅਨਸਰਾਂ ਨੇ ਸਿੱਖਾਂ ਦੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕੀਤੀ ਹੈ, ਅਤੇ ਪੁਲੀਸ ਹਵਾਲੇ ਕੀਤੇ ਬਦਮਾਸ਼ਾਂ ਨੂੰ ਜਾਂਚ ਅਤੇ ਪੁੱਛ ਪੜਤਾਲ ਕੀਤੇ ਬਗ਼ੈਰ ਛੱਡ ਦਿੱਤਾ ਗਿਆ। 


ਗੁਰਦੁਆਰੇ ਦੇ ਰਾਗੀ ਅਜੈ ਸਿੰਘ ਨੇ ਦੱਸਿਆ ਕਿ ਉਹ ਕੀਰਤਨ ਕਰ ਰਿਹਾ ਸੀ ਕਿ ਅਚਾਨਕ ਲਾਊਡਸਪੀਕਰ ਦੀ ਆਵਾਜ਼ ਘਟ ਗਈ। ਗੁਰਦੁਆਰੇ ਵਿੱਚ ਰੌਲਾ ਰੱਪਾ ਪੈ ਗਿਆ। ਕੀਰਤਨ ਬੰਦ ਕਰਵਾ ਦਿੱਤਾ ਗਿਆ।ਰਾਗੀ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਪੁਲਿਸ ਹਵਾਲੇ ਕੀਤਾ ਗਿਆ ਪਰ ਪੁਲਿਸ ਨੇ ਨਾਂ ਤਾ ਕੋਈ FIR ਦਰਜ ਕੀਤੀ ਅਤੇ ਨਾ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।