ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ਇੱਕ ਵਾਰ ਦਹਿਸ਼ਤ ਦਾ ਮਾਹੌਲ ਹੈ। ਜੀ ਹਾਂ ਐਤਵਾਰ (13 ਅਪ੍ਰੈਲ, 2025) ਦੀ ਸਵੇਰ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ ਉੱਤੇ ਇਸ ਭੂਚਾਲ ਦੀ ਤੀਬਰਤਾ 5.1 ਮੈਗਨੀਟਿਊਡ ਦਰਜ ਕੀਤੀ ਗਈ ਹੈ। ਹਾਲ ਹੀ ਵਿੱਚ ਇੱਥੇ ਆਏ ਇੱਕ ਹੋਰ ਭਿਆਨਕ ਭੂਚਾਲ ਨੇ ਪੂਰੇ ਦੇਸ਼ ਵਿੱਚ ਤਬਾਹੀ ਮਚਾ ਦਿੱਤੀ ਸੀ, ਜਿਸ ਵਿੱਚ 3000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਝਟਕਿਆਂ ਦਾ ਸਿਲਸਿਲਾ ਅਜੇ ਤੱਕ ਜਾਰੀ ਹੈ। ਅੱਜ ਸਵੇਰੇ ਆਏ ਭੂਚਾਲ ਦੇ ਝਟਕਿਆਂ ਨੇ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਡਰਾ ਦਿੱਤਾ ਹੈ।
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ, ਮਿਆਂਮਾਰ ਵਿੱਚ 13 ਅਪ੍ਰੈਲ 2025 ਦੀ ਸਵੇਰ 07:54:58 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ਉੱਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ। ਇਸ ਭੂਚਾਲ ਦਾ ਕੇਂਦਰ ਧਰਤੀ ਦੇ ਹੇਠਾਂ 10 ਕਿਲੋਮੀਟਰ ਦੀ ਗਹਿਰਾਈ ਵਿੱਚ ਸੀ। ਫਿਲਹਾਲ, ਕਿਸੇ ਵੀ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।
28 ਮਾਰਚ ਨੂੰ ਮਿਆਂਮਾਰ ’ਚ ਆਇਆ ਭਿਆਨਕ ਭੂਚਾਲ
ਮਿਆਂਮਾਰ ਵਿੱਚ 28 ਮਾਰਚ 2025 ਨੂੰ ਇਕ ਭਿਆਨਕ ਭੂਚਾਲ ਆਇਆ ਸੀ। ਮਾਂਡਲੇ ਖੇਤਰ ਵਿੱਚ ਆਏ ਇਸ ਭੂਚਾਲ ਦੀ ਤੀਬਰਤਾ 7.7 ਰਿਕਟਰ ਸਕੇਲ ਤੇ ਦਰਜ ਕੀਤੀ ਗਈ ਸੀ। ਇਸ ਭੂਚਾਲ ਨੇ ਦੇਸ਼ ਵਿੱਚ ਭਾਰੀ ਤਬਾਹੀ ਮਚਾ ਦਿੱਤੀ ਸੀ। ਇਹ ਮਿਆਂਮਾਰ ਦੇ ਇਤਿਹਾਸ ਦੇ ਸਭ ਤੋਂ ਵਿਨਾਸ਼ਕਾਰੀ ਭੂਚਾਲਾਂ ਵਿੱਚੋਂ ਇਕ ਸੀ। ਮਿਆਂਮਾਰ ਦੀ ਫੌਜ ਦੇ ਅਨੁਸਾਰ, ਇਸ ਭੂਚਾਲ ਕਾਰਨ ਲਗਭਗ 3600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 5000 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਇਸ ਤੋਂ ਇਲਾਵਾ, ਸੈਂਕੜੇ ਲੋਕ ਆਪਣੇ ਪਰਿਵਾਰਾਂ ਤੋਂ ਵਿਛੜ ਗਏ।
ਭੂਚਾਲ ਤੋਂ ਬਾਅਦ ਕਈ ਦੇਸ਼ਾਂ ਵੱਲੋਂ ਮਿਆਂਮਾਰ ਨੂੰ ਭੇਜੀ ਗਈ ਮਦਦ
ਇਸ ਭੂਚਾਲ ਨੇ ਮੋਬਾਈਲ ਕਮਿਊਨੀਕੇਸ਼ਨ ਸਿਸਟਮ ਨੂੰ ਵੀ ਗੰਭੀਰ ਨੁਕਸਾਨ ਪਹੁੰਚਾਇਆ ਹੈ। 'ਦ ਮਿਰਰ' ਅਖ਼ਬਾਰ ਦੇ ਅਨੁਸਾਰ, ਭੂਚਾਲ ਕਾਰਨ ਕੁੱਲ 6,730 ਕਮਿਊਨੀਕੇਸ਼ਨ ਸਟੇਸ਼ਨ ਨੁਕਸਾਨੇ ਗਏ ਸਨ, ਜਿਨ੍ਹਾਂ ਵਿੱਚੋਂ ਲਗਭਗ ਛੇ ਹਜ਼ਾਰ ਦੀ ਮੁਰੰਮਤ ਹੋ ਚੁੱਕੀ ਹੈ। ਭਾਰਤ, ਚੀਨ ਅਤੇ ਅਮਰੀਕਾ ਵਰਗੇ ਦੇਸ਼ਾਂ ਨੇ ਆਪਣੀਆਂ-ਆਪਣੀਆਂ ਰੈਸਕਿਊ ਟੀਮਾਂ ਮਿਆਂਮਾਰ ਭੇਜੀਆਂ ਸਨ। ਇਸਦੇ ਨਾਲ ਹੀ ਸੰਯੁਕਤ ਰਾਸ਼ਟਰ ਅਤੇ ਯੂਰਪੀ ਸੰਘ ਵਰਗੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਵੀ ਮਿਆਂਮਾਰ ਦੀ ਮਦਦ ਲਈ ਰਾਹਤ ਤੇ ਬਚਾਅ ਟੀਮਾਂ, ਚਿਕਿਤਸਾ ਸਹਾਇਤਾ ਅਤੇ ਹੋਰ ਜ਼ਰੂਰੀ ਸਾਧਨ ਭੇਜੇ ਹਨ।