ਅੰਮ੍ਰਿਤਸਰ: ਨਸ਼ਾ ਤਸਕਰੀ ਵਿੱਚ ਫੜੀ ਗਈ ਨਸਰੀਨ ਅਖ਼ਤਰ ਨੂੰ ਅੱਜ ਤੇਰ੍ਹਾਂ ਸਾਲ ਬਾਅਦ ਰਿਹਾਈ ਮਿਲ ਗਈ ਹੈ। ਨਸਰੀਨ ਨੂੰ ਤੇਰ੍ਹਾਂ ਸਾਲ ਬਾਅਦ ਅੰਮ੍ਰਿਤਸਰ ਸੈਂਟਰਲ ਜੇਲ੍ਹ 'ਚੋਂ ਰਿਹਾਅ ਕੀਤਾ ਗਿਆ। ਉਸ ਨਾਲ ਛੇ ਹੋਰ ਕੈਦੀ ਵੀ ਪਾਕਿਸਤਾਨ ਭੇਜੇ ਗਏ ਜੋ ਪੰਜਾਬ ਤੇ ਜੰਮੂ-ਕਸ਼ਮੀਰ ਦੀਆਂ ਜੇਲ੍ਹਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਨਜ਼ਰਬੰਦ ਸਨ। ਜ਼ਿਕਰਯੋਗ ਹੈ ਕਿ ਨਸਰੀਨ ਅਖ਼ਤਰ ਪਿਛਲੇ ਤੇਰ੍ਹਾਂ ਸਾਲਾਂ ਤੋਂ ਨਸ਼ਾ ਤਸਕਰੀ ਦੇ ਕੇਸ 'ਚ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੀ ਸੀ। ਆਪਣੇ ਵਤਨ ਪਰਤਣ ਤੋਂ ਪਹਿਲਾਂ ਨਸਰੀਨ ਕੁਝ ਭਾਵੁਕ ਵੀ ਨਜ਼ਰ ਆਈ। ਦੱਸ ਦਈਏ ਕਿ ਨਸਰੀਨ ਨੂੰ 2006 ਵਿੱਚ ਕਸਟਮ ਵਿਭਾਗ ਨੇ ਅਟਾਰੀ ਰੇਲਵੇ ਸਟੇਸ਼ਨ ਤੋਂ ਸਮਝੌਤਾ ਐਕਸਪ੍ਰੈੱਸ 'ਚੋਂ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਨਸ਼ਾ ਤਸਕਰੀ ਦੇ ਕੇਸ 'ਚ ਨਸਰੀਨ ਨੂੰ ਕੁੱਲ ਦਸ ਸਾਲ ਦੀ ਸਜ਼ਾ ਹੋਈ ਸੀ ਪਰ ਕਾਨੂੰਨੀ ਅੜਚਨਾਂ ਦੇ ਕਾਰਨ ਉਸ ਨੂੰ ਤਿੰਨ ਸਾਲ ਹੋਰ ਜੇਲ 'ਚ ਕੱਟਣੇ ਪਏ। ਰਿਹਾਈ ਤੋਂ ਬਾਅਦ ਨਸਰੀਨ ਨੇ ਕਿਹਾ ਕਿ ਉਹ ਅੱਜ ਪਾਕਿਸਤਾਨ ਜਾ ਕੇ ਆਪਣੇ ਪਰਿਵਾਰ ਨੂੰ ਮਿਲ ਸਕੇਗੀ। ਇਸ ਮੌਕੇ ਉਸ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਤੇ ਜੇਲ ਅਧਿਕਾਰੀਆਂ ਨੇ ਵੀ ਉਸ ਦੀ ਮਦਦ ਕੀਤੀ। ਜੇਲ੍ਹ ਦੇ ਮੁੱਖ ਅਧਿਕਾਰੀ ਅਰਸ਼ਦੀਪ ਸਿੰਘ ਗਿੱਲ ਦਾ ਕਹਿਣਾ ਹੈ ਕਿ ਅੱਜ ਅੰਮ੍ਰਿਤਸਰ ਜੇਲ੍ਹ ਚੋਂ ਦੋ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਅਤੇ ਉਨ੍ਹਾਂ ਦਾ ਵਤੀਰਾ ਵੀ ਜੇਲ੍ਹ ਦੇ ਵਿੱਚ ਬੇਹੱਦ ਠੀਕ ਸੀ। ਨਸਰੀਨ ਤੋਂ ਇਲਾਵਾ ਦੂਜਾ ਰਿਹਾਅ ਹੋਣ ਵਾਲਾ ਕੈਦੀ ਅਲਤਾਫ ਸੀ ਜਿਸ ਨੂੰ ਹਿੰਦੁਸਤਾਨ ਦੀਆਂ ਸੁਰੱਖਿਆ ਏਜੰਸੀਆਂ ਨੇ ਪਾਸਪੋਰਟ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਸੀ। ਅੱਜ ਰਿਹਾਅ ਹੋਣ ਵਾਲੇ ਕੈਦੀਆਂ ਵਿੱਚ ਨਸਰੀਨ ਅਖ਼ਤਰ ਅਤੇ ਅਲਤਾਫ ਜੋ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਵਿੱਚ ਨਜ਼ਰਬੰਦ ਸਨ। ਇਨ੍ਹਾਂ ਤੋਂ ਇਲਾਵਾ ਹਾਰੂਨ ਅਲੀ ਜੋ ਜੁਵੇਨਾਈਲ ਹੋਮ ਜੰਮੂ ਵਿੱਚ ਨਜ਼ਰਬੰਦ ਸੀ, ਮੁਹੰਮਦ ਨਦੀਮ ਜੋ ਪੁੰਛ ਦੀ ਜ਼ਿਲ੍ਹਾ ਜੇਲ੍ਹ ਦੇ ਵਿੱਚ ਕੈਦ ਕੱਟ ਰਿਹਾ ਸੀ ਤੇ ਅਖ਼ਤਰ ਉਲ ਇਸਲਾਮ ਤੀਲੀ ਜੋ ਸੈਂਟਰਲ ਜੇਲ ਕੋਟ ਬਲਾਵਲ ਦੇ ਵਿੱਚ ਨਜ਼ਰਬੰਦ ਸੀ। ਇਨ੍ਹਾਂ ਸਾਰਿਆਂ ਨੂੰ ਇਨ੍ਹਾਂ ਦੀ ਸਜ਼ਾ ਪੂਰੀ ਹੋਣ 'ਤੇ ਅੱਜ ਰਿਹਾਅ ਕਰ ਦਿੱਤਾ ਗਿਆ ।