ਚੋਣਾਂ ਤੋਂ ਪਹਿਲਾਂ ਨਵਾਜ਼ ਸ਼ਰੀਫ਼ ਨੂੰ ਪਰਿਵਾਰ ਸਮੇਤ 10 ਸਾਲ ਦੀ ਕੈਦ
ਏਬੀਪੀ ਸਾਂਝਾ | 06 Jul 2018 06:10 PM (IST)
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 10 ਸਾਲ ਦੀ ਕੈਦ ਦੇ ਹੁਕਮ ਸੁਣਾਏ ਗਏ ਹਨ। ਸ਼ੁੱਕਰਵਾਰ ਨੂੰ ਏਵਨਫ਼ੀਲ਼ਡ ਵਿੱਚ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਸ਼ਰੀਫ਼ ਪਰਿਵਾਰ ਨੂੰ ਸਜ਼ਾ ਦੇ ਨਾਲ-ਨਾਲ ਵੱਡਾ ਜ਼ੁਰਮਾਨਾ ਵੀ ਲਾਇਆ ਗਿਆ ਹੈ। ਇਸ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੀ ਧੀ ਮਰੀਅਮ ਸ਼ਰੀਫ਼ ਨੂੰ ਸੱਤ ਸਾਲ ਤੇ ਉਨ੍ਹਾਂ ਦੇ ਦਾਮਾਦ ਸੇਵਾਮੁਕਤ ਕੈਪਟਨ ਸਫ਼ਦਰ ਨੂੰ ਇੱਕ ਸਾਲ ਦੀ ਕੈਦ ਆਈ ਹੈ। ਸਜ਼ਾ ਦੇ ਨਾਲ ਨਾਲ ਨਵਾਜ਼ ਨੂੰ ਅੱਠ ਮਿਲੀਅਨ ਪੌਂਡ ਤੇ ਮਰੀਅਮ ਨੂੰ ਦੋ ਮਿਲੀਅਨ ਪੌਂਡ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ। ਬਰਤਾਨੀਆ ਦੀ ਅਕਾਊਂਟੇਬਿਲਿਟੀ ਕੋਰਟ ਨੇ ਇਸ ਉੱਚ ਪੱਧਰੀ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸ਼ਰੀਫ਼ ਪਰਿਵਾਰ ਵਿਰੁੱਧ ਸਖ਼ਤ ਫ਼ੈਸਲਾ ਸੁਣਾਇਆ ਹੈ। ਇਸ ਤੋਂ ਪਹਿਲਾਂ ਨਵਾਜ਼ ਸ਼ਰੀਫ਼ ਨੂੰ ਪਿਛਲੇ ਸਾਲ ਇਸੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਵੀ ਤਿਆਗਣਾ ਪਿਆ ਸੀ। ਬਾਅਦ ਵਿੱਚ ਨਵਾਜ਼ ਸ਼ਰੀਫ਼ ਨੇ ਆਪਣੇ ਡੇਰੇ ਯੂਕੇ ਵਿੱਚ ਲਾ ਲਏ ਸਨ ਤੇ ਉਹ ਪਾਕਿਸਤਾਨ ਵਿੱਚ ਚੋਣਾਂ ਲੜਨ ਤੇ ਸਿਆਸੀ ਗਤੀਵਿਧੀਆਂ ਕਰਨ ਤੋਂ ਹੱਥ ਧੋ ਬੈਠੇ ਸਨ।