Pakistan Election: ਲਾਹੌਰ ਤੋਂ ਨਵਾਜ਼ ਸ਼ਰੀਫ਼ ਨੂੰ ਜੇਤੂ ਐਲਾਨਿਆ ਗਿਆ ਹੈ ਪਰ ਉਨ੍ਹਾਂ ਦੀ ਜਿੱਤ ਵਿੱਚ ਧਾਂਦਲੀ ਦੇ ਦੋਸ਼ ਲੱਗੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਨਵਾਜ਼ ਦੀ ਜਿੱਤ 'ਤੇ ਸਵਾਲ ਕਿਉਂ ਉਠਾਏ ਜਾ ਰਹੇ ਹਨ?


ਪਾਕਿਸਤਾਨ ਦੀਆਂ ਚੋਣਾਂ ਸ਼ੁਰੂ ਤੋਂ ਹੀ ਕਈ ਧਾਂਦਲੀਆਂ ਨੂੰ ਲੈ ਕੇ ਸੁਰਖੀਆਂ 'ਚ ਰਹੀਆਂ ਹਨ। ਚੋਣ ਪ੍ਰਚਾਰ ਦੌਰਾਨ ਇਮਰਾਨ ਖ਼ਾਨ ਦੇ ਸਮਰਥਨ ਵਾਲੇ ਉਮੀਦਵਾਰਾਂ ਨੇ ਦੋਸ਼ ਲਾਇਆ ਸੀ ਕਿ ਪਾਕਿਸਤਾਨੀ ਫ਼ੌਜ ਉਨ੍ਹਾਂ ਨੂੰ ਚੋਣ ਮੀਟਿੰਗਾਂ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਹੈ। ਇਸ ਤੋਂ ਇਲਾਵਾ ਪਾਕਿਸਤਾਨੀ ਫੌਜ 'ਤੇ ਨਵਾਜ਼ ਸ਼ਰੀਫ ਦੀ ਪਾਰਟੀ 'ਪਾਕਿਸਤਾਨ ਮੁਸਲਿਮ ਲੀਗ-ਐਨ' ਦਾ ਖੁੱਲ੍ਹ ਕੇ ਸਮਰਥਨ ਕਰਨ ਦਾ ਦੋਸ਼ ਹੈ। 
ਹੁਣ ਨਵਾਜ਼ ਸ਼ਰੀਫ਼ ਵੱਲੋਂ ਜਿੱਤੀ ਗਈ ਲਾਹੌਰ ਸੀਟ ਦੇ ਨਤੀਜੇ ਸ਼ੱਕ ਦੇ ਘੇਰੇ ਵਿੱਚ ਹਨ। ਸ਼ਰੀਫ ਦੀ ਜਿੱਤ ਦਾ ਐਲਾਨ ਕਰਨ ਵਾਲੀ ਪਰਚੀ (ਫਾਰਮ 47) 14 ਉਮੀਦਵਾਰਾਂ ਲਈ 0 ਵੋਟਾਂ ਦਰਸਾਉਂਦੀ ਹੈ, ਇਸ ਤੋਂ ਇਲਾਵਾ ਗਿਣੀਆਂ ਗਈਆਂ ਵੋਟਾਂ ਪਈਆਂ ਵੋਟਾਂ ਤੋਂ ਵੱਧ ਹਨ।






ਸ਼ੱਕ ਦੇ ਅਧੀਨ ਨਤੀਜੇ?


ਨਵਾਜ਼ ਸ਼ਰੀਫ ਨੇ ਲਾਹੌਰ ਸੀਟ ਤੋਂ ਪੀਟੀਆਈ ਸਮਰਥਿਤ ਉਮੀਦਵਾਰ ਯਾਸਮੀਨ ਰਾਸ਼ਿਦ ਨੂੰ 1,71,024 ਵੋਟਾਂ ਨਾਲ ਹਰਾਇਆ ਹੈ ਪਰ ਅੰਤਿਮ ਐਲਾਨੀ ਸੂਚੀ ਵਿਚ ਲਾਹੌਰ ਸੀਟ 'ਤੇ ਚੋਣ ਲੜ ਰਹੇ 18 ਉਮੀਦਵਾਰਾਂ ਵਿਚੋਂ 14 ਨੂੰ 0 ਵੋਟਾਂ ਦਿਖਾਈਆਂ ਗਈਆਂ ਹਨ ਜਿਸ ਨੂੰ ਲੈ ਕੇ ਵਿਰੋਧੀ ਸਵਾਲ ਉਠਾ ਰਹੇ ਹਨ ਕਿ ਕੀ ਇਨ੍ਹਾਂ ਉਮੀਦਵਾਰਾਂ ਦੇ ਪਰਿਵਾਰਾਂ ਨੇ ਵੀ ਵੋਟਾਂ ਨਹੀਂ ਪਾਈਆਂ? ਇਸ ਤੋਂ ਇਲਾਵਾ ਕੁੱਲ ਪਈਆਂ ਵੋਟਾਂ 2,93,693 ਅਤੇ ਜਾਇਜ਼ ਵੋਟਾਂ ਤੋਂ ਅੱਗੇ 2,94,043 ਵੋਟਾਂ ਦਿਖਾਈਆਂ ਗਈਆਂ ਹਨ। ਫਾਰਮ 47 ਵਿੱਚ ਹੋਈ ਇਸ ਗੜਬੜ ਨੇ ਨਵਾਜ਼ ਸ਼ਰੀਫ਼ ਅਤੇ ਪਾਕਿਸਤਾਨ ਚੋਣ ਕਮਿਸ਼ਨ ਉੱਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।


ਤੁਹਾਨੂੰ ਦੱਸ ਦੇਈਏ ਕਿ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਹੀ ਨਵਾਜ਼ ਸ਼ਰੀਫ ਇਮਰਾਨ ਦੇ ਸਮਰਥਣ ਵਾਲੇ ਯਾਸਮੀਨ ਰਾਸ਼ਿਦ ਤੋਂ ਪਛੜ ਰਹੇ ਸਨ ਪਰ ਅਚਾਨਕ ਉਨ੍ਹਾਂ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ। ਹੁਣ ਫਾਰਮ 47 ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।