ਵਿਰੋਧੀ ਧਿਰ ਦੇ ਲੀਡਰ 'ਤੇ ਮੁਕੱਦਮਾ ਠੋਕਣਗੇ ਟਰੂਡੋ!
ਏਬੀਪੀ ਸਾਂਝਾ | 09 Apr 2019 03:33 PM (IST)
ਐਸਐਨਸੀ ਲਵਾਲਿਨ ਵਿਵਾਦ ਨੂੰ ਲੈ ਕੇ ਕੰਜ਼ਰਵੇਟਿਵ ਲੀਡਰ ਐਂਡਰਿਊ ਸ਼ੀਅਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਅੱਗੇ ਵਧਕੇ ਆਪਣੀ ਧਮਕੀ ਅਨੁਸਾਰ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਨ।
ਓਟਾਵਾ: ਐਸਐਨਸੀ ਲਵਾਲਿਨ ਵਿਵਾਦ ਨੂੰ ਲੈ ਕੇ ਕੰਜ਼ਰਵੇਟਿਵ ਲੀਡਰ ਐਂਡਰਿਊ ਸ਼ੀਅਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਅੱਗੇ ਵਧਕੇ ਆਪਣੀ ਧਮਕੀ ਅਨੁਸਾਰ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਮੌਂਟਰੀਅਲ ਨਾਮੀ ਇੰਜਨੀਅਰਿੰਗ ਕੰਪਨੀ ‘ਚ ਸਿਆਸੀ ਦਖਲਅੰਦਾਜੀ ਨੂੰ ਲੈ ਕੇ ਜੇਕਰ ਪ੍ਰਧਾਨ ਮੰਤਰੀ ਚਾਹੁਣ ਤਾਂ ਉਨ੍ਹਾਂ 'ਤੇ ਮੁਕੱਦਮਾ ਕਰ ਸਕਦੇ ਹਨ। ਕੰਜ਼ਰਵੇਟਿਵ ਲੀਡਰ ਨੇ ਐਤਵਾਰ ਨੂੰ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਨ੍ਹਾਂ ਨੂੰ 31 ਮਾਰਚ ਨੂੰ ਟਰੂਡੋ ਦੇ ਵਕੀਲ, ਜੂਲੀਅਨ ਪੋਰਟਰ ਵੱਲੋਂ ਚਿੱਠੀ ਮਿਲੀ ਸੀ। ਇਸ ‘ਚ ਉਨ੍ਹਾਂ ‘ਤੇ ਮਾਨਹਾਨੀ ਦੇ ਮੁਕੱਦਮੇ ਦੀ ਧਮਕੀ ਦਿੱਤੀ ਗਈ ਹੈ। ਸ਼ੀਅਰ ਨੇ ਆਪਣੇ ਬਿਆਨ ‘ਚ ਕਿਹਾ ਕਿ 'ਜੇਕਰ ਮਿਸਟਰ ਟਰੂਡੋ ਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਮੇਰੇ ਖਿਲਾਫ ਕੋਈ ਕੇਸ ਬਣਦਾ ਹੈ, ਤਾਂ ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ‘ਤੇ ਜਲਦੀ ਕਾਰਵਾਈ ਕਰਨ।' ਉਨ੍ਹਾਂ ਕਿਹਾ 'ਕੈਨੇਡੀਅਨਸ ਵੀ ਇਸ ਸਕੈਂਡਲ ਦੀ ਪੜਤਾਲ ਕਿਸੇ ਲੀਗਲ ਅਦਾਰੇ ਵਿੱਚ ਚਾਹੁੰਦੇ ਹਨ, ਜਿੱਥੇ ਲਿਬਰਲਸ ਦਾ ਕੰਟਰੋਲ ਨਾ ਹੋਵੇ।'