ਬੀਜਿੰਗ: ਕੋਰੋਨਾ ਵਾਇਰਸ ਦੇ ਪੈਦਾਇਸ਼ ਕੇਂਦਰ ਚੀਨ 'ਚ ਬਾਹਰ ਤੋਂ ਆਏ ਕੋਰੋਨਾ ਵਾਇਰਸ ਪੀੜਤਾਂ ਦੀ ਸੰਖਿਆਂ ਵਧ ਕੇ 1566 ਹੋ ਗਈ ਜਦਕਿ ਮ੍ਰਿਤਕਾਂ ਦੀ ਸੰਖਿਆਂ 4,632 ਹੈ। ਸਿਹਤ ਅਧਿਕਾਰੀਆਂ ਮੁਤਾਬਕ ਮ੍ਰਿਤਕਾਂ 'ਚ 50 ਫੀਸਦ ਮਾਮਲੇ ਵਾਇਰਸ ਦਾ ਕੇਂਦਰ ਰਹੇ ਵੁਹਾਨ ਸ਼ਹਿਰ ਤੋਂ ਹਨ। ਦੇਸ਼ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਵੁਹਾਨ 'ਚ ਨਵੇਂ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਸੋਧੇ ਹੋਏ ਰਾਸ਼ਟਰੀ ਅੰਕੜੇ ਜਾਰੀ ਕੀਤੇ ਹਨ।
ਨਵੇਂ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਕੁੱਲ ਪੀੜਤ ਮਾਮਲਿਆਂ ਦਾ ਅੰਕੜਾ 82,719 ਸੀ ਜਿੰਨ੍ਹਾਂ 'ਚੋਂ 4,632 ਲੋਕਾਂ ਦੀ ਮੌਤ ਹੋਈ ਹੈ। ਦੇਸ਼ 'ਚ 1058 ਮਰੀਜ਼ਾਂ ਦਾ ਹੁਣ ਵੀ ਇਲਾਜ ਚੱਲ ਰਿਹਾ ਹੈ ਜਦਕਿ 77,029 ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ।
ਵੁਹਾਨ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਐਲਾਨ ਕੀਤਾ ਕਿ 16 ਅਪ੍ਰੈਲ ਤਕ ਕੋਰੋਨਾ ਵਾਇਰਸ ਦੇ ਪੀੜਤ ਮਾਮਲਿਆਂ ਦੀ ਸੰਖਿਆਂ 32 ਨਵੇਂ ਮਾਮਲਿਆਂ ਦੇ ਆਉਣ ਤੋਂ ਵਧ ਕੇ 50,333 ਹੋ ਗਈ ਜਦਕਿ ਮ੍ਰਿਤਕਾਂ ਦੀ ਸੰਖਿਆ 1,290 ਅਤੇ ਹੋਰ ਲੋਕਾਂ ਦੀ ਮੌਤ ਦੇ ਨਾਲ ਹੀ ਵਧ ਕੇ 3,896 ਹੋ ਗਈ ਹੈ।
ਅਮਰੀਕਾ, ਬ੍ਰਿਟੇਨ ਅਤੇ ਹੋਰ ਦੇਸ਼ਾਂ ਵੱਲੋਂ ਕੋਰੋਨਾ ਵਾਇਰਸ ਮਾਮਲਿਆਂ ਦੀ ਸੰਖਿਆਂ ਕਥਿਤ ਤੌਰ 'ਤੇ ਘੱਟ ਦਿਖਾਉਣ, ਪਾਰਦਰਸ਼ਤਾ ਦੀ ਕਮੀ ਅਤੇ ਇਸਦੀ ਪੈਦਾਇਸ਼ ਦੇ ਇਲਜ਼ਾਮਾਂ ਦੌਰਾਨ ਚੀਨ ਵੱਲੋਂ ਇਹ ਅੰਕੜੇ ਜਾਰੀ ਕੀਤੇ ਗਏ ਹਨ। ਇਸ ਵਾਇਰਸ ਦਾ ਮਾਮਲਾ ਸਭ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ 'ਚ ਵੁਹਾਨ ਸਥਿਤ ਹੁਆਨਾਨ ਸੀ-ਫੂਡ ਬਜ਼ਾਰ 'ਚ ਸਾਹਮਣੇ ਆਇਆ ਸੀ।
ਚੀਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸਨੇ ਕੋਵਿਡ-19 ਦੇ ਮਾਮਲਿਆਂ ਦੀ ਸਥਿਤੀ ਦੇ ਬਾਰੇ ਕੁਝ ਲੁਕਾਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਆਨ ਨੇ ਕਿਹਾ ਕਿ ਵਾਇਰਸ ਦੇ ਤੇਜ਼ੀ ਨਾਲ ਹੋਏ ਪ੍ਰਸਾਰ ਕਾਰਨ ਗਿਣਤੀ 'ਚ ਕਮੀ ਰਹੀ ਜਿਸ ਵਜਾ ਤੋਂ ਚੀਨ ਨੂੰ ਮ੍ਰਿਤਕਾਂ ਦੀ ਸੰਖਿਆਂ ਵਧਾਉਣੀ ਪਈ।