ਇਸਲਾਮਾਬਾਦ: ਕੋਰੋਨਾ ਵਾਇਰਸ ਦਾ ਕਹਿਰ ਦੁਨੀਆਂ 'ਚ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦਰਮਿਆਨ ਅਮਰੀਕਾ ਨੇ ਕਿਹਾ ਕਿ ਉਹ 80 ਲੱਖ ਡਾਲਰ ਨਾਲ ਪਾਕਿਸਤਾਨ ਨੂੰ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ 'ਚ ਸਹਿਯੋਗ ਕਰ ਰਿਹਾ ਹੈ।
ਅਮਰੀਕੀ ਦੂਤਾਵਾਸ ਨੇ ਕਿਹਾ ਕਿ ਰਾਜਦੂਤ ਪੌਲ ਜਾਂਸ ਨੇ ਸਰਕਾਰ ਦੇ ਨਾਲ ਨਵੇਂ ਤਰੀਕਿਆਂ 'ਤੇ ਚਰਚਾ ਕੀਤੀ ਹੈ ਅਤੇ ਅਮਰੀਕੀ ਕੋਰੋਨਾ ਵਾਇਰਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਪਾਕਿਸਤਾਨ ਨਾਲ ਸਾਂਝੇਦਾਰੀ ਕਰ ਰਿਹਾ ਹੈ। ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ 7000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਜਿੰਨ੍ਹਾਂ 'ਚ 130 ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਅਮਰੀਕੀ ਮਿਸ਼ਨ ਨੇ ਇਕ ਵੀਡੀਓ ਸੰਦੇਸ਼ 'ਚ ਕਿਹਾ ਅੱਠ ਲੱਖ ਡਾਲਰ ਤੋਂ ਜ਼ਿਆਦਾ ਯੋਗਦਾਨ ਦੇ ਸਹਿਯੋਗ ਨਾਲ ਅਮਰੀਕਾ ਪਾਕਿਸਤਾਨ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਪੀੜਤ ਲੋਕਾਂ ਦੀ ਦੇਖਭਾਲ ਕਰਨ ਲਈ ਇੱਥੋਂ ਦੀ ਸਰਕਾਰ ਨਾਲ ਮਿਲਕੇ ਕੰਮ ਕਰ ਰਿਹਾ ਹੈ।
ਇਸ ਪੈਸੇ ਦਾ ਇਸਤੇਮਾਲ ਤਿੰਨ ਨਵੀਂਆਂ ਚੱਲਦੀਆਂ ਫਿਰਦੀਆਂ ਪ੍ਰਯੋਗਸ਼ਾਲਾ ਦੀ ਸਥਾਪਨਾ, ਇਸਲਾਮਾਬਾਦ, ਸਿੰਧ, ਪੰਜਾਬ, ਖ਼ੈਬਰ ਪਖ਼ਤੂਨਖ਼ਵਾ ਅਤੇ ਬਲੋਚਿਸਤਾਨ 'ਚ ਐਮਰਜੈਂਸੀ ਆਪਰੇਸ਼ਨ ਸੈਂਟਰ ਜਿਹੇ ਕਾਰਜਾਂ ਲਈ ਕੀਤਾ ਜਾਵੇਗਾ।