Thailand-Cambodia clash: ਈਰਾਨ ਅਤੇ ਇਜ਼ਰਾਈਲ ਦੇ ਤਣਾਅ ਦੇ ਮਾਹੌਲ ਤੋਂ ਬਾਅਦ ਹੁਣ ਇੱਕ ਹੋਰ ਜੰਗ ਦੀ ਸ਼ੁਰੂਆਤ ਹੋ ਗਈ ਹੈ। ਥਾਈਲੈਂਡ ਅਤੇ ਕੰਬੋਡੀਆ ਦੇ ਵਿਚਕਾਰ ਲੜਾਈ ਚੱਲ ਰਹੀ ਹੈ। ਇਕ ਰਿਪੋਰਟ ਮੁਤਾਬਕ, ਵੀਰਵਾਰ ਨੂੰ ਥਾਈਲੈਂਡ ਨੇ ਆਪਣੇ F-16 ਲੜਾਕੂ ਜਹਾਜ਼ ਰਾਹੀਂ ਕੰਬੋਡੀਆ 'ਤੇ ਹਮਲਾ ਕਰ ਦਿੱਤਾ। ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਸ ਜੰਗ ਵਿੱਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਟਕਰਾਅ ਉਸ ਵੇਲੇ ਵਧ ਗਿਆ ਜਦੋਂ ਦੋਹਾਂ ਦੇਸ਼ਾਂ ਦੀ ਸਰਹੱਦ ਨੇੜੇ ਇਕ ਮੰਦਰ ਕੋਲ ਗੋਲੀਬਾਰੀ ਹੋਈ।

 

ਜੰਗ ਕਿਵੇਂ ਹੋਈ ਸ਼ੁਰੂ

ਜਦੋਂ ਕੰਬੋਡੀਆਈ ਸੈਨੀਕ ਥਾਈਲੈਂਡ ਦੇ ਫੌਜੀ ਠਿਕਾਣੇ ਦੇ ਨੇੜੇ ਪਹੁੰਚੇ, ਤਾਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਦੇ ਜਵਾਨਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਇਸ ਤਕਰਾਰ ਤੋਂ ਬਾਅਦ ਰਾਤ ਕਰੀਬ 8:30 ਵਜੇ ਕੰਬੋਡੀਆਈ ਫੌਜ ਨੇ ਥਾਈਲੈਂਡ ਦੇ ਫੌਜੀ ਠਿਕਾਣਿਆਂ 'ਤੇ ਹਮਲਾ ਕਰ ਦਿੱਤਾ। ਥਾਈਲੈਂਡ ਨੇ ਦੋਸ਼ ਲਾਇਆ ਕਿ ਕੰਬੋਡੀਆ ਦੀ ਫੌਜ ਨੇ ‘ਤਾ ਮੂਏਨ ਥਾਮ’ ਮੰਦਰ 'ਤੇ ਹਮਲਾ ਕੀਤਾ।

ਮੰਦਰ ਨੂੰ ਲੈ ਕੇ ਵਿਵਾਦ ਕੀ ਹੈ?

ਦਰਅਸਲ, 11ਵੀਂ ਸਦੀ ਵਿੱਚ ਖਮੇਰ ਦੇ ਰਾਜੇ ਸੂਰਯਵਰਮਨ ਨੇ ਭਗਵਾਨ ਸ਼ਿਵ ਦਾ ਇੱਕ ਮੰਦਰ ਬਣਵਾਇਆ ਸੀ। ਇਹੀ ਮੰਦਰ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਜੰਗ ਦਾ ਕਾਰਨ ਬਣਿਆ ਹੋਇਆ ਹੈ। ਇਹ ਮੰਦਰ ਕੰਬੋਡੀਆ ਦੇ ਪ੍ਰੀਹ ਵਿਹਾਰ ਪ੍ਰਾਂਤ ਅਤੇ ਥਾਈਲੈਂਡ ਦੇ ਸਿਸਾਕੇਤ ਪ੍ਰਾਂਤ ਦੀ ਸਰਹੱਦ 'ਤੇ ਸਥਿਤ ਹੈ। ਦੋਵੇਂ ਦੇਸ਼ ਇਸ ਮੰਦਰ 'ਤੇ ਆਪਣਾ ਦਾਅਵਾ ਕਰਦੇ ਹਨ।

13 ਲੋਕਾਂ ਦੀ ਮੌਤ, ਕਈ ਗੰਭੀਰ ਜ਼ਖ਼ਮੀ

ਕੰਬੋਡੀਆ ਅਤੇ ਥਾਈਲੈਂਡ ਵਿਚਾਲੇ ਚੱਲ ਰਹੀ ਜੰਗ ਕਾਰਨ ਹੁਣ ਤੱਕ 13 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਸ ਹਿੰਸਕ ਝਗੜੇ 'ਚ 32 ਲੋਕ ਜ਼ਖ਼ਮੀ ਹੋਏ ਹਨ। ਕੁੱਲ 45 ਨਾਗਰਿਕ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਜੰਗ ਦੌਰਾਨ ਇੱਕ ਫੌਜੀ ਦੀ ਵੀ ਮੌਤ ਹੋਈ ਹੈ ਜਦਕਿ 14 ਫੌਜੀ ਗੰਭੀਰ ਤੌਰ 'ਤੇ ਜ਼ਖ਼ਮੀ ਹੋਏ ਹਨ।

ਕੀ ਚੀਨ ਲਏਗਾ ਜੰਗ 'ਚ ਐਂਟਰੀ?

ਜੇ ਕਰੀਏ ਕੰਬੋਡੀਆ ਦੀ ਗੱਲ ਤਾਂ ਉਸ ਕੋਲ ਜੰਗ ਲਈ ਮਜ਼ਬੂਤ ਫਾਈਟਰ ਜੈੱਟ ਨਹੀਂ ਹਨ। ਜੇ ਥਾਈਲੈਂਡ ਵੱਲੋਂ ਏਅਰਸਟਰਾਈਕ ਕੀਤੀ ਜਾਂਦੀ ਹੈ ਤਾਂ ਕੰਬੋਡੀਆ ਲਈ ਪਰਿਸਥਿਤੀਆਂ ਹੋਰ ਵਿਗੜ ਸਕਦੀਆਂ ਹਨ। ਇਨ੍ਹਾਂ ਹਾਲਾਤਾਂ ਵਿੱਚ ਚੀਨ ਦੀ ਜੰਗ 'ਚ ਦਾਖਲ ਹੋਣ ਦੀ ਸੰਭਾਵਨਾ ਹੈ। ਚੀਨ ਦੇ ਕੰਬੋਡੀਆ ਅਤੇ ਥਾਈਲੈਂਡ ਦੋਵਾਂ ਨਾਲ ਚੰਗੇ ਰਿਸ਼ਤੇ ਹਨ, ਪਰ ਥਾਈਲੈਂਡ ਨਾਲ ਚੀਨ ਦੀ ਆਰਥਿਕ ਸਾਂਝ ਵੀ ਹੈ। ਚੀਨ ਪਹਿਲਾਂ ਵੀ ਥਾਈਲੈਂਡ ਨੂੰ ਹਥਿਆਰ ਮੁਹੱਈਆ ਕਰਵਾ ਚੁੱਕਾ ਹੈ। ਇਨ੍ਹਾਂ ਹਾਲਾਤਾਂ ਦੇ ਆਧਾਰ 'ਤੇ ਦੇਖਿਆ ਜਾਵੇ ਤਾਂ ਕੰਬੋਡੀਆ ਹੋਰ ਵੀ ਕਮਜ਼ੋਰ ਪੈ ਸਕਦਾ ਹੈ।