ਵਾਸ਼ਿੰਗਟਨ-ਅਮਰੀਕਾ ਨੇ ਪਾਕਿਸਤਾਨ ਨੂੰ ਦੋ ਟੁੱਕ ਕਿਹਾ ਹੈ ਕਿ ਹਾਫ਼ਿਜ਼ ਸਈਦ ਅੱਤਵਾਦੀ ਹੈ ਜੋ ਮੁੰਬਈ 'ਚ ਹੋਏ ਅੱਤਵਾਦੀ ਹਮਲੇ ਦਾ ਮੁੱਖ ਸਾਜਿਸ਼ਕਰਤਾ ਵੀ ਹੈ, ਇਸ ਲਈ ਉਸ 'ਤੇ ਕਾਨੂੰਨ ਦੀ ਆਖ਼ਰੀ ਸੀਮਾ ਤੱਕ ਕੇਸ ਚਲਾਇਆ ਜਾਣਾ ਚਾਹੀਦਾ ਹੈ। ਬੀਤੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅੱਬਾਸੀ ਨੇ ਹਾਫ਼ਿਜ਼ ਸਈਦ ਨੂੰ ਸਾਹਿਬ ਕਹਿੰਦੇ ਹੋਏ ਕਿਹਾ ਸੀ ਕਿ ਉਸ ਖ਼ਿਲਾਫ਼ ਪਾਕਿਸਤਾਨ 'ਚ ਕੋਈ ਕੇਸ ਦਰਜ ਨਹੀਂ ਹੈ। ਇਸ ਲਈ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਇਸ ਬਿਆਨ ਦੇ ਬਾਅਦ ਅਮਰੀਕਾ ਦੇ ਵਿਦੇਸ਼ ਵਿਭਾਗ ਦੀ ਬੁਲਾਰਨ ਹੇਥਰ ਨੇਵਾਰਟ ਨੇ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਸਾਫ਼ ਕਿਹਾ ਕਿ ਅਮਰੀਕਾ ਦਾ ਮੰਨਣਾ ਹੈ ਕਿ ਪਾਕਿਸਤਾਨ ਹਾਫ਼ਿਜ਼ ਸਈਦ ਦੇ ਖ਼ਿਲਾਫ਼ ਕੇਸ ਚਲਾਵੇ। ਨੇਵਾਰਟ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਹਾਫ਼ਿਜ਼ ਸਈਦ 'ਤੇ ਕਾਨੂੰਨ ਦੀ ਆਖ਼ਰੀ ਸੀਮਾ ਤੱਕ ਕੇਸ ਚਲਾਇਆ ਜਾਣਾ ਚਾਹੀਦਾ ਹੈ। ਉਹ ਯੂ. ਐਨ. ਐਸ. ਸੀ. 1267 ਤਹਿਤ ਇਕ ਅੱਤਵਾਦੀ ਹੈ। ਨੇਵਰਟ ਨੇ ਅੱਗੇ ਕਿਹਾ ਕਿ ਅਸੀਂ ਵਿਦੇਸ਼ੀ ਸੰਗਠਨ ਦੇ ਹਿੱਸੇ ਦੇ ਰੂਪ 'ਚ ਹਾਫਿਜ਼ ਨੂੰ ਵੀ ਅੱਤਵਾਦੀ ਮੰਨਦੇ ਹਾਂ। ਉਹ ਮੁੰਬਈ 'ਚ ਹੋਏ 26/11 ਹਮਲੇ ਦਾ ਮੁੱਖ ਸਾਜਿਸ਼ਕਰਤਾ ਹੈ ਜਿਸ ਵਿਚ ਅਮਰੀਕੀ ਲੋਕਾਂ ਸਮੇਤ ਕਈ ਲੋਕਾਂ ਦੀ ਮੌਤ ਹੋਈ ਸੀ।